updated 4:33 AM UTC, Oct 14, 2019
Headlines:

ਜਪਾਨ ਨੂੰ 7-2 ਨਾਲ ਦਰੜ ਕੇ ਭਾਰਤ ਫਾਈਨਲ ’ਚ

ਭੁਬਨੇਸ਼ਵਰ - ਐੱਫਆਈਐੱਚ ਸੀਰੀਜ਼ ਫਾਈਨਲਜ਼ ਦੇ ਮੈਚ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤ ਨੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਜਪਾਨ ਨੂੰ 7-2 ਨਾਲ ਹਰਾ ਕੇ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ਅਤੇ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।ਸੱਟ ਕਾਰਨ ਲੰਬਾ ਸਮਾਂ ਹਾਕੀ ਤੋਂ ਦੂਰ ਰਹੇ ਰਮਨਦੀਪ ਸਿੰਘ ਨੇ 23ਵੇਂ ਤੇ 37ਵੇਂ ਮਿੰਟ ’ਚ ਗੋਲ ਕੀਤੇ ਜਦੋਂਕਿ ਹਰਮਨਪ੍ਰੀਤ ਸਿੰਘ (7ਵਾਂ), ਵਰੁਨ ਕੁਮਾਰ (14ਵਾਂ), ਹਾਰਦਿਕ ਸਿੰਘ (25ਵਾਂ), ਗੁਰਸਾਹਿਬਜੀਤ ਸਿੰਘ (43ਵਾਂ) ਅਤੇ ਵਿਵੇਕ ਸਾਗਰ ਪ੍ਰਸਾਦ (47ਵਾਂ) ਨੇ ਇਕ-ਇਕ ਗੋਲ ਕੀਤਾ। ਇਹ ਹਰਮਨਪ੍ਰੀਤ ਸਿੰਘ ਦਾ 100ਵਾਂ ਕੌਮਾਂਤਰੀ ਮੈਚ ਸੀ।ਜਾਪਾਨ ਵਾਸਤੇ ਕੈਂਜੀ ਕਿਤਾਜ਼ਾਤੋ (ਦੂਜੇ ਮਿੰਟ) ਅਤੇ ਕਾਤੋ ਵਾਤਾਨਾਬੇ (20ਵਾਂ) ਨੇ ਗੋਲ ਕੀਤੇ। ਭਾਰਤ ਦਾ ਮੁਕਾਬਲਾ ਹੁਣ ਭਲਕੇ ਸ਼ਨਿਚਰਵਾਰ ਨੂੰ ਦੱਖਣੀ ਅਫ਼ਰੀਕਾ ਨਾਲ ਹੋਵੇਗਾ ਜਦੋਂਕਿ ਜਪਾਨ ਤੀਜੇ ਸਥਾਨ ਦੇ ਪਲੇਅਆਫ਼ ਮੁਕਾਬਲੇ ਵਿੱਚ ਅਮਰੀਕਾ ਨਾਲ ਖੇਡੇਗਾ।ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਆਖ਼ਰੀ ਪਲਾਂ ਵਿੱਚ ਕੀਤੇ ਗਏ ਗੋਲ ਦੀ ਮੱਦਦ ਨਾਲ ਅਮਰੀਕਾ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ।ਦੁਨੀਆਂ ਦੀ 16ਵੇਂ ਨੰਬਰ ਦੀ ਟੀਮ ਦੱਖਣੀ ਅਫ਼ਰੀਕਾ ਨੂੰ 25ਵੀਂ ਰੈਂਕਿੰਗ ਵਾਲੀ ਅਮਰੀਕਾ ਨੇ ਸਖ਼ਤ ਚੁਣੌਤੀ ਦਿੱਤੀ। ਅਮਰੀਕਾ ਨੇ ਐਕੀ ਕਾਪੇਲੇਰ ਦੇ 15ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤੇ ਗਏ ਗੋਲ ਦੀ ਮੱਦਦ ਨਾਲ ਬੜ੍ਹਤ ਬਣਾ ਲਈ। ਦੱਖਣੀ ਅਫ਼ਰੀਕਾ ਲਈ ਆਸਟਿਨ ਸਮਿੱਥ ਨੇ 42ਵੇਂ ਮਿੰਟ ਵਿੱਚ ਪੈਨਲਟੀ ਕਾਰਨ ’ਤੇ ਬਰਾਬਰੀ ਦਾ ਗੋਲ ਕੀਤਾ। ਦੋਵੇਂ ਟੀਮਾਂ ਨੇ ਗੋਲ ਕਰਨ ਲਈ ਕਾਫੀ ਕੋਸ਼ਿਸ਼ ਕੀਤੀ ਅਤੇ ਲੱਗ ਰਿਹਾ ਸੀ ਕਿ ਮੈਚ ਸ਼ੂਟਆਊਟ ਤੱਕ ਜਾਵੇਗਾ। ਦੱਖਣੀ ਅਫ਼ਰੀਕਾ ਨੇ ਆਖ਼ਰੀ ਮਿੰਟ ਵਿੱਚ ਗੋਲ ਕੀਤਾ। ਨਿਕੋਲਸ ਸਪੂਨਰ ਨੇ ਇਸ ਗੋਲ ਦੇ ਜ਼ੋਰ ’ਤੇ ਟੀਮ ਨੂੰ ਫਾਈਨਲ ’ਚ ਪਹੁੰਚਾ ਦਿੱਤਾ।

New York