ਚੰਡੀਗੜ੍ਹ, 25 ਅਪ੍ਰੈਲ 2024- ਪੰਜਾਬ ਕੇਡਰ ਦੇ ਸੀਨੀਅਰ ਆਈਏਐਸ ਅਫ਼ਸਰ ਕਰਨੈਲ ਸਿੰਘ ਦੇ ਵਲੋਂ 11 ਅਪ੍ਰੈਲ 2024 ਨੂੰ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਅਸਤੀਫ਼ਾ ਦਿੱਤੇ ਨੂੰ ਕਰੀਬ ਦੋ ਹਫ਼ਤੇ ਬੀਤਣ ਤੋਂ ਬਾਅਦ ਵੀ ਹੁਣ ਤੱਕ ਕਰਨੈਲ ਸਿੰਘ ਦਾ ਅਸਤੀਫ਼ਾ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ।
ਇਥੇ ਜਿਕਰ ਕਰਨਾ ਬਣਦਾ ਹੈ ਕਿ, ਕਰਨੈਲ ਸਿੰਘ, ਜਿਨ੍ਹਾਂ ਨੂੰ 30 ਜਨਵਰੀ ਨੂੰ ਕਪੂਰਥਲਾ ਦੇ ਡੀਸੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਅਜੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਦੱਸਿਆ ਜਾ ਰਿਹੈ ਕਿ ਉਹ ਨਾਰਾਜ਼ ਸਨ। ਭਾਵੇਂ ਉਨ੍ਹਾਂ ਨੇ ਆਪਣੇ ਅਸਤੀਫ਼ੇ ਵਿੱਚ ਅਜਿਹੀ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਹੈ ਪਰ ਉਨ੍ਹਾਂ ਦੇ ਨਜ਼ਦੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਢਾਈ ਮਹੀਨਿਆਂ ਤੋਂ ਖਾਲੀ ਪਈ ਨੌਕਰੀ ਤੋਂ ਬੋਰ ਹੋ ਗਏ, ਇਸ ਲਈ ਉਨ੍ਹਾਂ ਨੇ ਅਸਤੀਫ਼ਾ ਦਿੱਤਾ।
ਕਰਨੈਲ ਸਿੰਘ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਸਾਬਕਾ ਮੁੱਖ ਸਕੱਤਰ ਵੀ ਕੇ ਜੰਜੂਆ ਨੇ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਕਪੂਰਥਲਾ ਵਿੱਚ ਡਿਪਟੀ ਕਮਿਸ਼ਨਰ ਵੀ ਨਿਯੁਕਤ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਨੂੰ 30 ਜਨਵਰੀ ਨੂੰ ਉੱਥੋਂ ਹਟਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਕੋਈ ਤਾਇਨਾਤੀ ਨਹੀਂ ਦਿੱਤੀ ਗਈ।
ਅਪ੍ਰੈਲ ਦੇ ਪਹਿਲੇ ਹਫ਼ਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਆਈਏਐਸ ਅਧਿਕਾਰੀ ਪਰਮਪਾਲ ਕੌਰ ਨੇ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਸੀਐੱਮ ਭਗਵੰਤ ਮਾਨ ਦੇ ਦਾਅਵੇ ਮੁਤਾਬਿਕ, ਪਰਮਪਾਲ ਕੌਰ ਨੇ ਅਸਤੀਫ਼ਾ ਮਨਜ਼ੂਰ ਹੋਣ ਤੋਂ ਪਹਿਲਾਂ ਹੀ ਭਾਜਪਾ ਜੁਆਇੰਨ ਕਰ ਲਈ। ਦੂਜੇ ਪਾਸੇ, ਸੂਚਨਾ ਇਹ ਹੈ ਕਿ, ਡੀਓਪੀਟੀ ਨੇ ਪਰਮਪਾਲ ਕੌਰ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।
ਇਥੇ ਜਿਕਰ ਕਰਨਾ ਬਣਦਾ ਹੈ ਕਿ, ਕਰੀਬ ਦੋ ਦਿਨ ਪਹਿਲਾਂ ਪੰਜਾਬ ਦੇ ਸੀਨੀਅਰ ਆਈਪੀਐਸ ਗੁਰਿੰਦਰ ਸਿੰਘ ਢਿੱਲੋਂ ਵੀ ਸਮੇਂ ਤੋਂ ਪਹਿਲਾਂ ਨੌਕਰੀ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸਰਕਾਰ ਦੇ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ।