ਪਟਿਆਲਾ, 15 ਅਪ੍ਰੈਲ 2024 – ਪੰਜਾਬੀ ਯੂਨੀਵਰਸਿਟੀ ਦੇ ਮਈ 2024 ਸੈਸ਼ਨ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪ੍ਰੀਖਿਆ ਸ਼ਾਖਾ ਦੇ ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਅਕਾਦਮਿਕ ਕੈਲੰਡਰ ਅਨੁਸਾਰ 4 ਮਈ 2024 ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਸੰਬੰਧਤ ਕਾਲਜਾਂ ਅਤੇ ਪ੍ਰਾਈਵੇਟ ਵਿਦਿਆਰਥੀਆਂ ਦੀਆਂ ਥਿਊਰੀ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਸ਼ਡਿਊਲ ਬਣਾਉਂਦੇ ਸਮੇਂ ਲੋਕ ਸਭਾ ਚੋਣਾਂ ਦੇ ਸ਼ਡਿਊਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
ਚੋਣਾਂ ਦੇ ਸ਼ਡਿਊਲ ਦੇ ਮੱਦੇਨਜ਼ਰ ਕੁੱਝ ਆਰਜ਼ੀ ਪ੍ਰੀਖਿਆ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰੈਕਟੀਕਲ ਪ੍ਰੀਖਿਆਵਾਂ 22 ਅਪ੍ਰੈਲ 2024 ਤੋਂ ਸ਼ੁਰੂ ਹੋ ਰਹੀਆਂ ਹਨ। ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੇ ਐਡਮਿਟ ਕਾਰਡ ਸੰਬੰਧਤ ਕਾਲਜਾਂ ਤੋਂ ਹੀ ਪ੍ਰਾਪਤ ਕਰ ਸਕਦੇ ਹਨ। ਜਲਦ ਹੀ ਕਾਲਜਾਂ ਨੂੰ ਈ-ਮੇਲ ਰਾਹੀਂ ਇਹ ਐਡਮਿਟ ਕਾਰਡ ਭੇਜ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੋ ਵਿਦਿਆਰਥੀ ਡਿਸਟੈਂਸ ਅਤੇ ਪ੍ਰਾਈਵੇਟ ਮੋਡ ਰਾਹੀਂ ਸਿੱਖਿਆ ਪ੍ਰਾਪਤ ਕਰ ਰਹੇ ਹਨ ਉਹ ਆਪਣਾ ਐਡਮਿਟ ਕਾਰਡ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਆਪਣੀ ਵਿਸਤ੍ਰਿਤ ਡੇਟ ਸ਼ੀਟ ਜਲਦ ਹੀ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਣਗੇ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਪ੍ਰੀਖਿਆ ਸ਼ਾਖਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਣਾ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਦੇ ਹਿਤਾਂ ਨੂੰ ਤਰਜੀਹ ਦਿੰਦੀ ਹੈ।