ਨਵੀਂ ਦਿੱਲੀ, 25 ਅਪ੍ਰੈਲ- ਦੱਖਣੀ ਅਭਿਨੇਤਰੀ ਤਮੰਨਾ ਭਾਟੀਆ ਦਾ ਨਾਂ ਗੈਰ-ਕਾਨੂੰਨੀ ਆਈ ਪੀ ਐਲ ਮੈਚ ਸਟ੍ਰੀਮਿੰਗ ਮਾਮਲੇ ਵਿੱਚ ਸਾਹਮਣੇ ਆਇਆ ਹੈ। ਬਾਹੂਬਲੀ ਫੇਮ ਅਦਾਕਾਰਾ ਨੂੰ ਮਹਾਰਾਸ਼ਟਰ ਸਾਈਬਰ ਬ੍ਰਾਂਚ ਨੇ ਇਸ ਮਾਮਲੇ ਦੇ ਸਿਲਸਿਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ। ਮਹਾਰਾਸ਼ਟਰ ਸਾਈਬਰ ਬ੍ਰਾਂਚ ਨੇ ਅਭਿਨੇਤਰੀ ਨੂੰ ਸੰਮਨ ਭੇਜ ਕੇ 29 ਅਪ੍ਰੈਲ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। ਇਸ ਮਾਮਲੇ ਤੋਂ ਬਾਅਦ ਤਮੰਨਾ ਭਾਟੀਆ ਮੁਸੀਬਤ ਵਿੱਚ ਫਸਦੀ ਨਜ਼ਰ ਆ ਰਹੀ ਹੈ। ਅਦਾਕਾਰਾ ਤਮੰਨਾ ਭਾਟੀਆ ਨੂੰ 29 ਅਪ੍ਰੈਲ ਨੂੰ ਪੁੱਛਗਿੱਛ ਲਈ ਸਾਈਬਰ ਬ੍ਰਾਂਚ ਵਿੱਚ ਪੇਸ਼ ਹੋਣਾ ਹੋਵੇਗਾ, ਜਿੱਥੇ ਉਸ ਨੂੰ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਮਹਾਰਾਸ਼ਟਰ ਸਾਈਬਰ ਨੇ ਫੇਅਰਪਲੇ ਐਪ ਤੇ ਆਈ ਪੀ ਐਲ 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਸਬੰਧ ਵਿੱਚ ਤਮੰਨਾ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਏ. ਐਨ. ਆਈ. ਦੇ ਇੱਕ ਟਵੀਟ ਅਨੁਸਾਰ ਮਹਾਰਾਸ਼ਟਰ ਸਾਈਬਰ ਨੇ ਫੇਅਰਪਲੇ ਐਪ ਤੇ ਆਈ. ਪੀ. ਐਲ. 2023 ਦੀ ਗੈਰਕਾਨੂੰਨੀ ਸਟ੍ਰੀਮਿੰਗ ਦੇ ਸਿਲਸਿਲੇ ਵਿੱਚ ਪੁੱਛਗਿੱਛ ਲਈ ਅਦਾਕਾਰਾ ਤਮੰਨਾ ਭਾਟੀਆ ਨੂੰ ਬੁਲਾਇਆ, ਜਿਸ ਨਾਲ ਵਾਇਆਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਉਸ ਨੂੰ 29 ਅਪ੍ਰੈਲ ਨੂੰ ਮਹਾਰਾਸ਼ਟਰ ਸਾਈਬਰ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਅਭਿਨੇਤਾ ਸੰਜੇ ਦੱਤ ਨੂੰ ਵੀ ਇਸ ਸਬੰਧ ਵਿੱਚ 23 ਅਪ੍ਰੈਲ ਨੂੰ ਸੰਮਨ ਜਾਰੀ ਕੀਤਾ ਗਿਆ ਸੀ ਪਰ ਉਹ ਉਨ੍ਹਾਂ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੀ ਬਜਾਏ, ਉਸ ਨੇ ਆਪਣਾ ਬਿਆਨ ਦਰਜ ਕਰਨ ਲਈ ਇੱਕ ਮਿਤੀ ਅਤੇ ਸਮਾਂ ਮੰਗਿਆ ਸੀ ਅਤੇ ਕਿਹਾ ਸੀ ਕਿ ਉਹ ਸੰਮਨ ਵਿੱਚ ਦਿੱਤੀ ਗਈ ਮਿਤੀ ਨੂੰ ਭਾਰਤ ਵਿੱਚ ਨਹੀਂ ਸੀ।
ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ, ਸਤੰਬਰ 2023 ਵਿੱਚ ਇੱਕ ਐਫ. ਆਈ. ਆਰ. ਦਰਜ ਕੀਤੀ ਗਈ ਸੀ ਜਦੋਂ ਵਾਈਕੋਮ18 ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਈ ਪੀ ਐਲ ਮੈਚਾਂ ਨੂੰ ਸਟ੍ਰੀਮ ਕਰਨ ਲਈ ਬੌਧਿਕ ਸੰਪਤੀ ਅਧਿਕਾਰ ਦੇ ਮਾਲਕ ਹਨ। ਇਸ ਦੇ ਬਾਵਜੂਦ ਸੱਟੇਬਾਜ਼ੀ ਐਪ ਫੇਅਰ ਪਲੇ ਪਲੇਟਫਾਰਮ ਆਪਣੇ ਪਲੇਟਫਾਰਮ ਤੇ ਗੈਰ-ਕਾਨੂੰਨੀ ਤਰੀਕੇ ਨਾਲ ਮੈਚਾਂ ਦੀ ਸਟ੍ਰੀਮਿੰਗ ਕਰ ਰਹੀ ਸੀ। ਵਾਈਕੋਮ18 ਨੂੰ ਇਸ ਕਾਰਨ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
ਐਫ. ਆਈ. ਆਰ. ਤੋਂ ਬਾਅਦ ਬਾਦਸ਼ਾਹ, ਸੰਜੇ ਦੱਤ, ਜੈਕਲੀਨ ਫਰਨਾਂਡੀਜ਼ ਅਤੇ ਤਮੰਨਾ ਸਮੇਤ ਕਈ ਸਿਤਾਰਿਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਦਸੰਬਰ 2023 ਵਿੱਚ ਸੱਟੇਬਾਜ਼ੀ ਐਪ ਦੇ ਇੱਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।