ਨਵੀਂ ਦਿੱਲੀ- ਭਾਰਤੀ ਫੁੱਟਬਾਲ ਟੀਮ ਦੇ ਚਮਤਕਾਰੀ ਕਪਤਾਨ ਸੁਨੀਲ ਸ਼ੇਤਰੀ ਨੇ ਐਤਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਪੂਰੀ ਤਰ੍ਹਾਂ ਨਾਲ ਉਭਰ ਗਿਆ ਹੈ। ਕੋਵਿਡ-19 ਬੀਮਾਰੀ ਦੀ ਲਪੇਟ ਵਿਚ ਆਉਣ ਕਾਰਣ ਉਹ ਓਮਾਨ ਤੇ ਯੂ. ਏ. ਈ. ਵਿਰੁੱਧ ਦੋਸਤਾਨਾ ਮੈਚਾਂ ਲਈ ਦੁਬਈ ਦੌਰੇ’ਤੇ ਗਈ ਟੀਮ ਦਾ ਹਿੱਸਾ ਨਹੀਂ ਬਣਿਆ ਸੀ।ਸ਼ੇਤਰੀ ਨੇ ਟਵੀਟ ਕੀਤਾ,‘‘ਜਾਂਚ ਤੋਂ ਬਾਅਦ ਬਾਹਰ ਨਿਕਲਣ ਦੀ ਮਨਜ਼ੂਰੀ ਮਿਲ ਗਈ ਹੈ ਤੇ ਮੈਦਾਨ ’ਤੇ ਫਿਰ ਤੋਂ ਉਤਰਨ ਨੂੰ ਲੈ ਕੇ ਕਾਫੀ ਖੁਸ਼ ਹਾਂ। ਮੈਂ ਉਨ੍ਹਾਂ ਸਾਰੇ ਸੰਦੇਸ਼ਾਂ ਲਈ ਧੰਨਵਾਦੀ ਹਾਂ, ਜਿਨ੍ਹਾਂ ਵਿਚ ਮੇਰੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਗਈ ਸੀ। ਮੈਂ ਚਾਹੁੰਦਾ ਹਾਂ ਕਿ ਹਰ ਵਿਅਕਤੀ ਸੁਰੱਖਿਅਤ ਰਹੇ ਤੇ ਹਰ ਸਮੇਂ ਮਾਸਕ ਲਾਈ ਰੱਖੇ।’’ ਸ਼ੇਤਰੀ ਨੇ 11 ਮਾਰਚ ਨੂੰ ਟਵਿਟਰ ’ਤੇ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ੇਤਰੀ ਨੂੰ ਏ. ਐੱਫ. ਸੀ. (ਏਸ਼ੀਆਈ ਫੁੱਟਬਾਲ ਪਰੀਸੰਘ ) ਕੱਪ ‘ਚ ਮਹਾਂਦੀਪ ਦੇ ਦੂਜੇ ਪੱਧਰ ਦੀ ਕਲੱਬ ਪ੍ਰਤੀਯੋਗਿਤਾ ਦੇ ਤਿੰਨ ਸਰਵਸ੍ਰੇਸ਼ਠ ਸਟਰਾਈਕਰਾਂ ਦੀ ਚੋਣ ਦੇ ਲਈ ਨਾਮਜ਼ਦ ਕੀਤੇ ਗਏ 13 ਖਿਡਾਰੀਆਂ ‘ਚ ਜਗ੍ਹਾ ਮਿਲੀ ਹੈ।