ਫ਼ਾਜ਼ਿਲਕਾ, 25 ਅਪ੍ਰੈਲ 2024 – ਸਿਹਤ ਵਿਭਾਗ ਫਾਜ਼ਿਲਕਾ ਵਲੋਂ ਵਿਸ਼ਵ ਟੀਕਾਕਰਨ ਦਿਵਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਐਫਪੀਓ ਡਾ. ਕਵਿਤਾ ਸਿੰਘ ਦੀ ਯੋਗ ਅਗਵਾਈ ਵਿਚ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਰੈਲੀ ਕੱਢੀ। ਇਹ ਰੈਲੀ ਸਿਵਲ ਸਰਜਨ ਦਫਤਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜਾਰਾਂ ਤੋਂ ਹੁੰਦੀ ਹੋਈ ਵਾਪਿਸ ਸਰਕਾਰੀ ਕੰਨਿਆਂ ਸਕੂਲ ਪਹੁੰਚ ਕੇ ਸਮਾਪਤ ਹੋਈ। ਰੈਲੀ ਨੂੰ ਡੀਐਫਪੀਓ ਡਾ. ਕਵਿਤਾ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਮਹਾਂਮਾਰੀ ਅਫਸਰ ਡਾ. ਸੁਨੀਤਾ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਜਾਣਕਾਰੀ ਦਿੰਦਿਆਂ ਡਾ. ਕਵਿਤਾ ਸਿੰਘ ਨੇ ਕਿਹਾ ਕਿ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਟੀਕਾਕਰਣ ਦੀ 50ਵੀਂ ਵਰੇਗੰਢ ’ਤੇ ਸਪੈਸ਼ਲ ਟੀਕਾਕਰਨ ਕੈਂਪਾਂ ਰਾਹੀਂ 24 ਅਪ੍ਰੈਲ ਤੋ 30 ਅਪ੍ਰੈਲ ਤੱਕ ਸਪੈਸ਼ਲ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸੰਬਧੀ ਸਮੂਹ ਪੇਂਡੂ ਸਿਹਤ ਬਲਾਕਾਂ ਅਤੇ ਅਰਬਨ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਸਲਮ ਵਿਖੇ ਖਾਸ ਤੌਰ ਤੇ ਟੀਕਾਕਰਨ ਲਈ ਹਦਾਇਤਾਂ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੂਰੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਝੁੱਗੀ ਝੌਂਪੜੀ, ਸਲੱਮ ਅਤੇ ਅਰਬਨ ਏਰੀਏ ਵਿੱਚ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਟੀਕਾਕਰਨ ਪ੍ਰੋਗਰਾਮ ਦੇ 50 ਸਾਲ ਪੂਰੇ ਹੋ ਗਏ ਹਨ। ਟੀਕਾਕਰਨ ਦੀ ਬਦੌਲਤ ਕਈ ਬੀਮਾਰੀਆਂ ਜਿਵੇਂ ਕਿ ਵੱਡੀ ਮਾਤਾ, ਪੋਲਿਓ ਆਦਿ ਤੋਂ ਮੁਕਤੀ ਪਾਈ ਗਈ ਹੈ। ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਕਾਕਰਨ ਹਫ਼ਤੇ ਦੌਰਾਨ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ ਜੋ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ। ਇਸ ਤੋਂ ਇਲਾਵਾ ਪ੍ਰਵਾਸੀ ਅਬਾਦੀ ਦੇ ਵਾਂਝੇ ਰਹਿ ਗਏ ਲਾਭਪਾਤਰੀਆਂ ਦਾ ਟੀਕਾਕਰਨ ਵੀ ਕੀਤਾ ਜਾਵੇਗਾ।
ਜਿਲ੍ਹਾ ਟੀਕਾਕਰਨ ਅਫਸਰ ਡਾ. ਐਡੀਸਨ ਐਰਿਕ ਨੇ ਕਿਹਾ ਕਿ ਟੀਕਾਕਰਨ ਦੀ ਸਫਲਤਾ ਲਈ ਵਿਸ਼ੇਸ਼ ਸ਼ੈਸ਼ਨ ਲਾਏ ਜਾਣਗੇ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਵਾਇਆ ਜਾਵੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ ਹਫ਼ਤੇ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਸੈਮੀਨਾਰ, ਜਾਗਰੂਕਤਾ ਰੈਲੀ ਅਤੇ ਇੰੰਟਰ ਸਕੂਲ ਕੁਇੱਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਰੈਲੀ ਕੱਢਣ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਤੰਤਰ ਪਾਠਕ, ਡੀਪੀ ਸੁਰਿੰਦਰ ਕੁਮਾਰ ਅਤੇ ਮਾਸਟਰ ਆਕਾਸ਼ ਡੋਡਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਿੰਕੂ ਚਾਵਲਾ, ਡਾ. ਆਮਨਾ ਕੰਬੋਜ, ਐਸਆਈ ਵਿਜੈ ਕੁਮਾਰ, ਮਲਟੀਪਰਪਜ਼ ਹੈਲਥ ਵਰਕਰ ਸੁਖਜਿੰਦਰ ਸਿੰਘ, ਰਵਿੰਦਰ ਸ਼ਰਮਾਂ, ਕ੍ਰਿਸ਼ਨ ਕੁਮਾਰ ਕੰਬੋਜ, ਸਵਰਨ ਸਿੰਘ,ਐਮਐਲਟੀ ਸੁਨੀਤਾ ਕੁਮਾਰੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।