updated 4:33 AM UTC, Oct 14, 2019
Headlines:

ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

ਸਾਊਥੈਂਪਟਨ - ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜੋਅ ਰੂਟ ਦੇ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਵਿਸ਼ਵ ਕੱਪ ਦੇ ਮੈਚ ਵਿੱਚ ਅੱਜ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਮਿਲੀ ਇੱਕਮਾਤਰ ਜਿੱਤ ਵਿੱਚ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਬਾਊਂਸਰਜ਼ ਰਾਹੀਂ ਪ੍ਰੇਸ਼ਾਨ ਕੀਤਾ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਅੱਜ ਉਹੀ ਨੁਸਖਾ ਉਸ ਉੱਪਰ ਅਜਮਾਉਂਦੇ ਹੋਏ ਪੂਰੀ ਪਾਰੀ ਨੂੰ 44.4 ਓਵਰਾਂ ਵਿੱਚ 212 ਦੌੜਾਂ ’ਤੇ ਆਊਟ ਕਰ ਦਿੱਤਾ। ਇੰਗਲੈਂਡ ਨੇ ਮੁਕਾਬਲੇ ਨੂੰ ਇਕਪਾਸੜ ਬਣਾਉਂਦੇ ਹੋਏ 33.1 ਓਵਰਾਂ ਵਿੱਚ ਜਿੱਤ ਹਾਸਲ ਕਰ ਲਈ। ਰੂਟ 94 ਗੇਂਦਾਂ ਵਿੱਚ 11 ਚੌਕਿਆਂ ਦੀ ਮਦਦ ਨਾਲ 100 ਦੌੜਾਂ ਬਣਾ ਕੇ ਨਾਬਾਦ ਰਿਹਾ। ਇਹ ਉਸ ਦਾ 16ਵਾਂ ਇਕ ਰੋਜ਼ਾ ਸੈਂਕੜਾ ਅਤੇ ਇਸ ਟੂਰਨਾਮੈਂਟ ਦਾ ਦੂਜਾ ਸੈਂਕੜਾ ਹੈ। ਸਲਾਮੀ ਬੱਲੇਬਾਜ਼ ਰੂਟ ਤੇ ਜੋਹਨੀ ਬੇਅਰਸਟਾ (45) ਨੇ ਪਹਿਲੇ ਵਿਕਟ ਲਈ 91 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੂੰ ਕਾਰਲੋਸ ਬਰੈੱਥਵੈੱਟ ਨੇ ਤੋੜਿਆ ਜਦੋਂ ਬੇਅਰਸਟਾ ਨੇ ਸ਼ੈਨੋਨ ਗੈਬਰੀਅਲ ਨੂੰ ਕੈਚ ਫੜਾਇਆ। ਤੀਜੇ ਨੰਬਰ ’ਤੇ ਆਏ ਕ੍ਰਿਸ ਵੋਕਸ ਨੇ ਰੂਟ ਦੇ ਨਾਲ 104 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਵਿੱਚ ਉਸ ਦਾ ਯੋਗਦਾਨ 40 ਦੌੜਾਂ ਦਾ ਸੀ।ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸਿਤਾਰਾ ਬੱਲੇਬਾਜ਼ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ ਅਤੇ ਸਾਰੀ ਟੀਮ 44.4 ਓਵਰਾਂ ’ਚ 212 ਦੌੜਾਂ ’ਤੇ ਆਊਟ ਹੋ ਗਈ ਜਦੋਂਕਿ ਨਿਕੋਲਸ ਪੂਰਨ ਨੇ ਆਪਣਾ ਪਹਿਲਾ ਅਰਧਸੈਂਕੜਾ ਮਾਰਿਆ। ਨੌਜਵਾਨ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ 30 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਮੌਰਗਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਆਰਚਰ ਤੋਂ ਇਲਾਵਾ ਮਾਰਕ ਵੁੱਡ ਨੇ 18 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂਕਿ ਕ੍ਰਿਸ ਵੋਕਸ ਨੇ 16 ਅਤੇ ਲਿਆਮ ਪਲੰਕੇਟ ਨੇ 30 ਦੌੜਾਂ ਦੇ ਕੇ ਇਕ-ਇਕ ਵਿਕਟ ਲਈ। ਅਜਿਹੇ ਵਿੱਚ ਜਦੋਂ ਟਿਕ ਕੇ ਖੇਡਣ ਦੀ ਲੋੜ ਸੀ ਤਾਂ ਕ੍ਰਿਸ ਗੇਲ (36) ਅਤੇ ਆਂਦਰੇ ਰਸੇਲ (21) ਹਮਲਾਵਰ ਸ਼ਾਟ ਲਾਉਣ ਦੇ ਚੱਕਰ ਵਿੱਚ ਆਪਣੀ ਵਿਕਟ ਗੁਆ ਬੈਠਿਆ। ਨੌਜਵਾਨ ਪੂਰਨ (63) ਅਤੇ ਸ਼ਿਮਰੋਨ ਹੈਟਮਾਇਰ (39) ਨੇ ਜੇਕਰ ਚੌਥੀ ਵਿਕਟ ਲਈ 89 ਦੌੜਾਂ ਨਾ ਜੋੜੀਆਂ ਹੁੰਦੀਆਂ ਤਾਂ ਵੈਸਟਇੰਡੀਜ਼ ਦਾ ਸਕੋਰ 200 ਦੌੜਾਂ ਤੋਂ ਪਾਰ ਵੀ ਨਹੀਂ ਸੀ ਜਾਣਾ। ਸਵਿੰਗ ਗੇਂਦ ਦੀ ਟਾਈਮਿੰਗ ਭਾਂਫਣ ’ਚ ਵੈਸਟਇੰਡੀਜ਼ ਦੇ ਬੱਲੇਬਾਜ਼ ਖੁੰਝ ਗਏ। ਸ਼ਾਈ ਹੋਪ (11) ਹੋਵੇ ਜਾਂ ਗੇਲ, ਸਾਰੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਪੇਸ਼ ਆਈ। ਐਵਿਨ ਲੂਈਸ (0) ਪਹਿਲਾਂ ਵੀ ਵੋਕਸ ਦੇ ਯੌਰਕਰ ਦਾ ਸ਼ਿਕਾਰ ਹੋ ਚੁੱਕਿਆ ਸੀ। ਗੇਲ ਨੇ ਪ੍ਰੇਸ਼ਾਨ ਹੋ ਕੇ ਵੋਕਸ ਦੀ ਗੇਂਦ ’ਤੇ ਪੂਲ ਸ਼ਾਟ ਖੇਡਿਆ ਪਰ ਵੁੱਡ ਨੇ ਕੈਚ ਫੜਨ ਦੀ ਕੋਸ਼ਿਸ਼ ’ਚ ਜ਼ਮੀਨ ਨੂੰ ਛੂਹ ਲਿਆ। ਗੇਲ ਨੇ ਵੋਕਸ ਦੀ ਗੇਂਦ ’ਤੇ ਛੱਕਾ ਮਾਰਿਆ ਅਤੇ ਕੁਝ ਚੰਗੇ ਸ਼ਾਟ ਖੇਡੇ ਪਰ ਜ਼ਿਆਦਾ ਦੇਰ ਨਹੀਂ ਟਿਕ ਸਕਿਆ। ਉਹ ਪਲੰਕੇਟ ਦੀ ਗੇਂਦ ’ਤੇ ਜੋਹਨੀ ਬੇਅਰਸਟਾ ਨੂੰ ਕੈਚ ਦੇ ਬੈਠਾ। ਵੁੱਡ ਨੇ ਹੋਪ ਨੂੰ ਐੱਲਬੀਡਬਲਿਊ ਆਊਟ ਕੀਤਾ। ਅੰਪਾਇਰ ਨੇ ਪਹਿਲਾਂ ਉਸ ਨੂੰ ਨਾਟ ਆਊਟ ਕਰਾਰ ਦਿੱਤਾ ਸੀ ਪਰ ਇੰਗਲੈਂਡ ਦੇ ਰੀਵਿਊ ਲੈਣ ’ਤੇ ਫ਼ੈਸਲਾ ਬਦਲ ਗਿਆ। ਪੂਰਨ ਤੇ ਹੈਟਮਾਇਰ ਨੇ ਦੌੜਾਂ ਦੀ ਰਫ਼ਤਾਰ ਵਧਾਉਣ ਦੀ ਕੋਸ਼ਿਸ਼ ਕੀਤੀ।

New York