ਬਠਿੰਡਾ, 19 ਨਵੰਬਰ 2024 : ਬਠਿੰਡਾ ਪੁਲਿਸ ਵੱਲੋਂ ਸਟਰੀਟ ਕ੍ਰਾਈਮ ਦੀ ਰੋਕਥਾਮ ਸਬੰਧੀ ਕੀਤੀ ਮੀਟਿੰਗ ਦੌਰਾਨ ਬਹੁਤੇ ਲੋਕਾਂ ਨੇ ਪੁਲੀਸ ਦੇ ਪੋਤੜੇ ਫਰੋਲ ਦਿੱਤੇ। ਡੀਆਈਜੀ ਬਠਿੰਡਾ ਰੇਂਜ ਹਰਚਰਨ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਅਮਨੀਤ ਕੌਂਡਲ ਦੀ ਹਾਜ਼ਰੀ ’ਚ ਲੋਕਾਂ ਨੇ ਪੁਲਿਸ ਨੂੰ ਚੰਗੇ ਰਗੜੇ ਲਾਏ । ਇਕੱਲੇ ਸ਼ਹਿਰੀਆਂ ਨੇ ਹੀ ਪੁਲਿਸ ਖਿਲਾਫ ਭੜਾਸ ਨਹੀਂ ਕੱਢੀ ਬਲਕਿ ਅਧਿਕਾਰੀਆਂ ਨੇ ਵੀ ਲੋਕਾਂ ਨੂੰ ਫਰਜ਼ਾਂ ਬਾਰੇ ਸ਼ੀਸ਼ਾ ਦਿਖਾਇਆ। ਇਸ ਮੌਕੇ ਸ਼ਹਿਰ ਵਿਚਲੀ ਟਰੈਫਿਕ ਦਾ ਮੁੱਦਾ ਵੀ ਉੱਠਿਆ ਅਤੇ ਗੰਦਗੀ ਦੀ ਸਮੱਸਿਆ ਵੀ ਉੱਠੀ। ਇਸ ਮੌਕੇ ਲੋਕਾਂ ਨੇ ਕਿਹਾ ਕਿ ਕੋਈ ਦਿਨ ਵੀ ਅਜਿਹਾ ਨਹੀਂ ਲੰਘਦਾ ਜਦੋਂ ਕੋਈ ਵਾਰਦਾਤ ਨਾਂ ਹੋਈ ਹੋਵੇ। ਉਨ੍ਹਾਂ ਕਿਹਾ ਕਿ ਦੇਰ ਸ਼ਾਮ ਨੂੰ ਤਾਂ ਸ਼ਰਾਰਤੀ ਅਨਸਰਾਂ ਵੱਲੋਂ ਖੁੱਲ੍ਹੇਆਮ ਸ਼ਰਾਬ ਪੀਣ ਅਤੇ ਹੁੱਲੜ੍ਹਬਾਜੀ ਕਰਨ ਕਾਰਨ ਆਮ ਲੋਕਾਂ ਨੂੰ ਲੰਘਣਾ ਮੁਹਾਲ ਹੋ ਜਾਂਦਾ ਹੈ।
ਬਠਿੰਡਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਵਾਸਤੇ ਸੋਮਵਾਰ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਦਾਦੀ ਪੋਤੀ ਪਾਰਕ ਵਿੱਚ ਮੀਟਿੰਗ ਕੀਤੀ ਗਈ ਜੋ ਕਿ ਦੇਰ ਸ਼ਾਮ ਤੱਕ ਚੱਲੀ । ਅਧਿਕਾਰੀਆਂ ਕੋਲ ਫਰਿਆਦ ਕਰਨ ਵਾਲਿਆਂ ਨੇ ਪੁਲਿਸ ਖ਼ਿਲਾਫ਼ ਖਰੀਆਂ ਖਰੀਆਂ ਸੁਣਾਈਆਂ ਅਤੇ ਕਿਹਾ ਕਿ ਵਾਰਦਾਤ ਹੋਣ ਪਿੱਛੋਂ ਜਦੋਂ ਲੋਕ ਥਾਣੇ ਜਾਂਦੇ ਹਨ ਤਾਂ ਪੁਲਿਸ ਐਫਆਈਆਰ ਤੱਕ ਦਰਜ ਨਹੀਂ ਕਰਦੀ ਹੈ। ਮਾਡਲ ਟਾਊਨ ਫੇਜ਼ ਤਿੰਨ ਵਾਸੀ ਰਜਿੰਦਰਪਾਲ ਸ਼ਰਮਾ ਨੇ ਕਿਹਾ ਕਿ ਅਪਰਾਧੀਆਂ ਵੱਲੋਂ ਝਪਟਮਾਰ ਕੇ ਕੀਮਤੀ ਵਸਤਾਂ ਖੋਹਣਾ ਵੱਡੀ ਸਮੱਸਿਆ ਹੈ। ਨਸ਼ੇੜੀ ਕਿਸਮ ਦੇ ਨੌਜਵਾਨ ਅਜਿਹੀਆਂ ਵਾਰਦਾਤਾਂ ਕਰਦੇ ਹਨ ਜਿੰਨ੍ਹਾਂ ਨੂੰ ਫੜ੍ਹਨ ਤੋਂ ਬਾਅਦ ਕਈ ਵਾਰ ਪੁਲਿਸ ਹਵਾਲੇ ਕੀਤਾ ਗਿਆ ਪਰ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਸੰਦੀਪ ਗਰਗ ਨਾਮੀ ਵਿਅਕਤੀ ਨੇ ਦੱਸਿਆ ਕਿ ਪੁਲਿਸ ਚੋਰੀ ਅਤੇ ਸਨੈਚਿੰਗ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕਰਨ ਤੋਂ ਆਨਾਕਾਨੀ ਕਰਦੀ ਹੈ।