ਮੋਹਾਲੀ, 20 ਸਤੰਬਰ 2020 – ਸਿੱਖਿਆ ਮੰਤਰਾਲਾ ਭਾਰਤ ਸਰਕਾਰ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਵੱਲੋਂ ਕਰਵਾਏ ਗਏ ਸਮਾਰਟ ਇੰਡੀਆ ਹੈਕਾਥਨ-2020 ਮੁਕਾਬਲਿਆਂ ‘ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਵੱਲੋਂ ਡਾਟਾ ਸਾਇੰਸ ਖੇਤਰ ਸਬੰਧੀ ਤਿਆਰ ਕੀਤੇ ਪ੍ਰਾਜੈਕਟ ਨੂੰ ਪਹਿਲਾ ਸਥਾਨ ਮਿਲਣ ਦਾ ਮਾਣ ਹਾਸਲ ਹੋਇਆ ਹੈ। ਮਨਿਸਟਰੀ ਆਫ਼ ਗਰਾਊਂਡਵਾਟਰ, ਜਲ ਸ਼ਕਤੀ ਵੱਲੋਂ ਸਮੱਸਿਆ ਦੇ ਹੱਲ ਲਈ ਦਿੱਤੇ ਪ੍ਰਾਜੈਕਟ ਲਈ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ 5ਵੇਂ ਸਮਸੈਟਰ ਦੀ 6 ਮੈਂਬਰੀ ਟੀਮ ਨੇ ਇੱਕ ਲੱਖ ਦੇ ਇਨਾਮ ‘ਤੇ ਕਬਜ਼ਾ ਕੀਤਾ ਹੈ। ਜ਼ਿਕਰਯੋਗ ਹੈ ਕਿ ‘ਬੈਲੀਸਾਨਾ’ ਨਾਮ ਅਧੀਨ ਟੀਮ ਦੀ ਅਗਵਾਈ ਸੀਯੂ ਦੇ ਵਿਦਿਆਰਥੀ ਅਭੀਆਂਸ਼ ਅਗਰਾਹਰੀ ਵੱਲੋਂ ਕੀਤੀ ਗਈ, ਜਿਸ ਦੌਰਾਨ ਟੀਮ ਵਿੱਚ ਸਹਿਯੋਗੀ ਮੈਂਬਰਾਂ ਵਜੋਂ ਖ਼ੁਸ਼ਆਗਰਾ ਖੰਨਾ, ਪ੍ਰਾਖਰ ਸ਼੍ਰੀਵਾਸਤਵਾ, ਹੀਤਿਕ ਸੈਣੀ, ਮੇਤਾ ਜਗਦੀਸ਼ ਅਤੇ ਮੁਸਕਾਨ ਕਸ਼ਅਪ ਨੇ ਸ਼ਮੂਲੀਅਤ ਕੀਤੀ।
ਇਸ ਪ੍ਰਾਪਤੀ ਸਬੰਧੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਾਗ ਦੀਵਾਨ ਨੇ ਦੱਸਿਆ ਕਿ ਸਮਾਰਟ ਇੰਡੀਆ ਹੈਕਾਥਨ ਮੁਕਾਬਲਿਆਂ ਦੇ ਸਾਫ਼ਟਵੇਅਰ ਅਡੀਸ਼ਨ ਦੇ ਪਹਿਲੇ ਗੇੜ ਲਈ 5 ਲੱਖ ਦੇ ਕਰੀਬ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਜਿਨ੍ਹਾਂ ਵਿਚੋਂ ਸਿਰਫ਼ 220 ਟੀਮਾਂ ਨੂੰ ਫਾਈਨਲ ਮੁਕਾਬਲਿਆਂ ਲਈ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਸਮਾਰਟ ਇੰਡੀਆ ਹੈਕਾਥਨ-2020 ਲਈ ਵਿਦਿਆਰਥੀਆਂ ਦੇ ਵਿਚਾਰਾਂ ਦੀ ਜਾਂਚ ਜਨਵਰੀ ਮਹੀਨੇ ਵਿੱਚ ਇੱਕ ਕਾਲਜ ਪੱਧਰੀ ਹੈਕਾਥਨ ਮੁਕਾਬਲੇ ਦੌਰਾਨ ਕੀਤੀ ਗਈ ਸੀ ਅਤੇ ਸਿਰਫ਼ ਕਾਲਜ ਪੱਧਰ ‘ਤੇ ਜੇਤੂ ਟੀਮਾਂ ਨੂੰ ਸਮਾਰਟ ਇੰਡੀਆ ਹੈਕਾਥਨ ਰਾਸ਼ਟਰੀ ਮੁਕਾਬਲਿਆਂ ਲਈ ਯੋਗ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ‘ਵਰਸਿਟੀ ਦੀ ਬੇਲੀਸਾਮਾ ਟੀਮ ਨੇ ਲਗਾਤਾਰ 36 ਘੰਟੇ ਚਣੌਤੀਪੂਰਨ ਹੈਕਾਥਨ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਬਸਾਈਟ ਦੇ ਰੂਪ ਵਿੱਚ ਇੱਕ ਅਜਿਹਾ ਸਾਫ਼ਟਵੇਅਰ ਤਿਆਰ ਕੀਤਾ, ਜੋ ਭਾਰਤ ਦੇ ਕਿਸਾਨਾਂ ਅਤੇ ਖੇਤੀਬਾੜੀ ਸੰਸਥਾਵਾਂ ਲਈ ਇੱਕ ਵਿਆਪਕ ਪੈਕੇਜ਼ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟੀਮ ਲੀਡਰ ਅਭੀਆਂਸ਼ ਅਗਰਾਹਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਵੱਖ-ਵੱਖ ਮੰਤਰਾਲਿਆਂ, ਖੇਤੀਬਾੜੀ ਮੰਤਰਾਲੇ ਅਤੇ ਜਲ ਸ਼ਕਤੀ ਮੰਤਰਾਲੇ ਵੱਲੋਂ ਲਗਾਤਾਰ ਕੀਤੀਆਂ ਦੋ ਜਨਗਣਨਾਵਾਂ (ਜਨਗਣਨਾ 2005-2006 ਅਤੇ 2010-2011) ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਭਾਰਤ ਦੇ ਖੇਤੀਬਾੜੀ ਸੈਕਟਰ ਲਈ ਇਸ ਨੂੰ ਲਾਭਦਾਇਕ ਬਣਾਉਣ ਲਈ ਦੋਵੇਂ ਅੰਕੜਿਆਂ ਨੂੰ ਜੋੜ ਕੇ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਵੈਬਸਾਈਟ ਸੂਬਾ, ਜ਼ਿਲ•ਾ ਅਤੇ ਬਲਾਕ/ਤਹਿਸੀਲ ਪੱਧਰ ‘ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਲੈਂਡ ਹੋਲਡਿੰਗ ਪੈਟਰਨ, ਫ਼ਸਲ ਦੇ ਪੈਟਰਨ, ਖੂਹਾਂ ਅਤੇ ਟਿਊਬਵੈਲਾਂ ਸਬੰਧੀ ਪੈਟਰਨ, ਨਿਰਮਾਣ ਅਤੇ ਰੱਖ ਰਖਾਵ ਦੇ ਪੈਟਰਨ ਦੀ ਵਿਆਪਕ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।
ਡਾ. ਦੀਵਾਨ ਨੇ ਦੱਸਿਆ ਕਿ ਮਨੁੱਖੀ ਸਰੋਤ ਮੰਤਰਾਲੇ ਦਾ ਇਨੋਵੇਸ਼ਨ ਸੈਲ ਅਤੇ ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ ਅਤੇ ਕੁੱਝ ਨਿੱਜੀ ਸੰਸਥਾਵਾਂ ਦੇ ਸਹਿਯੋਗ ਨਾਲ ਸਮਾਰਟ ਇੰਡੀਆ ਹੈਕਾਥਨ ਦਾ ਆਯੋਜਨ ਕਰਵਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਦੇਸ਼ ਵਿਆਪੀ ਪਹਿਲ ਹੈ ਜੋ ਵਿਦਿਆਰਥੀਆਂ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਇੱਕ ਮੰਚ ਸਥਾਪਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ ਇਸ ਮੁਕਾਬਲਿਆਂ ਦੇ ਸ਼ੁਰੂਆਤ ਕੀਤੀ ਗਈ ਸੀ ਅਤੇ ਕੋਵਿਡ-19 ਦੇ ਹਾਲਾਤਾਂ ਕਾਰਨ ਇਸ ਦਾ ਚੌਥਾ ਸੰਸਕਰਣ ਇਸ ਵਰ੍ਹੇ ਵਰਚੁਅਲੀ ਆਯੋਜਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇਸ਼ਵਿਆਪੀ ਮੁਕਾਬਲਿਆਂ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਨੋਡਲ ਸੈਂਟਰ ਸਥਾਪਿਤ ਕੀਤੇ ਗਏ ਸੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜਿਥੇ ਢੁਕਵਾਂ ਪਾਠਕ੍ਰਮ ਅਪਣਾਇਆ ਹੈ ਉਥੇ ਹੀ ਉਨ੍ਹਾਂ ਨੂੰ ਹੁਨਰ ਅਤੇ ਤਜ਼ਰਬੇ ਅਧਾਰਿਤ ਸਿੱਖਿਆ ਨਾਲ ਜੋੜਨ ਲਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਜਿਸ ਸਦਕਾ ‘ਵਰਸਿਟੀ ਦੇ ਵਿਦਿਆਰਥੀ ਹਰ ਖੇਤਰ ‘ਚ ਮੱਲਾਂ ਮਾਰ ਕੇ ਦੇਸ਼ ਦੇ ਵਿਕਾਸ ‘ਚ ਯੋਗਦਾਨ ਪਾ ਰਹੇ ਹਨ।ਅੰਤ ‘ਚ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।