ਔਕਲੈਂਡ, 04 ਸਤੰਬਰ 2020 – ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਵਿਖੇ ਕੋਵਿਡ-19 ਦੌਰਾਨ ਵਿਦੇਸ਼ਾਂ ਤੋਂ ਆ ਰਹੇ ਕੀਵੀਆਂ ਅਤੇ ਹੋਰ ਵੀਜ਼ਾ ਧਾਰਕਾਂ ਨੂੰ ਵੱਖ-ਵੱਖ ਹੋਟਲਾਂ ਦੇ ਵਿਚ 14 ਦਿਨਾਂ ਆਈਸੋਲੇਸ਼ਨ ਲਈ ਪਿਛਲੇ 6 ਮਹੀਨਿਆਂ ਤੋਂ ਰੱਖਿਆ ਜਾ ਰਿਹਾ ਹੈ। ਇਥੇ ਦੋ ਗੁਰਦੁਆਰਾ ਸਾਹਿਬ ਵੀ ਸਥਾਪਿਤ ਹਨ। ਗੁਰਦੁਆਰਾ ਜਗਤ ਗੁਰੂ ਨਾਨਕ ਸਾਹਿਬ ਰਿਕਟਨ (ਕ੍ਰਾਈਸਟਚਰਚ) ਪਿਛਲੇ ਕੁਝ ਸਾਲਾਂ ਤੋਂ ‘ਦੇਗ-ਤੇਗ ਫਤਿਹ ਸਿੱਖ ਸੁਸਾਇਟੀ ਕ੍ਰਾਈਸਟਚਰਚ’ ਦੇ ਪ੍ਰਬੰਧ ਵਿਚ ਆਪਣਾ ਵੱਡਮੁੱਲਾ ਯੋਗਦਾਨ ਸਿੱਖੀ ਦੇ ਪ੍ਰਸਾਰ ਅਤੇ ਹੋਰ ਸੇਵਾਵਾਂ ਦੇ ਵਿਚ ਪਾ ਰਿਹਾ ਹੈ। ਇਸ ਵੇਲੇ ਜੋ ਵੱਡੀ ਸੇਵਾ ਇਸ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਕ੍ਰਾਈਸਟਚਰਚ ਦੇ ਵਿਚ ਇੰਡੀਆ ਤੋਂ ਆ ਰਹੇ ਨਵੇਂ ਯਾਤਰੀਆਂ ਨੂੰ ਵੱਖ-ਵੱਖ ਹੋਟਲਾਂ ਦੇ ਵਿਚ ਗੁਰੂ ਕਾ ਲੰਗਰ ਮੁਹੱਈਆ ਕਰਵਾਉਣਾ। ਭਾਵੇਂ ਹੋਟਲਾਂ ਦੇ ਵਿਚ ਪਹਿਲਾਂ ਤੋਂ ਨਿਰਧਾਰਤ ਖਾਣਾ ਮਿਲ ਰਿਹਾ ਹੈ ਪਰ ਸ਼ਾਕਾਹਾਰੀ ਭੋਜਨ ਦੇ ਲਈ ਕਈਆਂ ਨੂੰ ਮੁਸ਼ਕਿਲ ਆਉਂਦੀ ਸੀ ਜਾਂ ਉਹ ਬਦਲਵੇਂ ਘਰ ਵਰਗੇ ਭੋਜਨ ਦੀ ਭਾਲ ਵਿਚ ਹੁੰਦੇ ਹਨ। ਇਸ ਕਾਰਜ ਦੇ ਲਈ ਇਕ ਵੱਟਸ ਗਰੁੱਪ ਦੇ ਰਾਹੀਂ ਮੰਗ ਦਾ ਪਤਾ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਡੱਬਾ ਬੰਦ ਭੋਜਨ ਬਣਾ ਕੇ ਯਾਤਰੀ ਦਾ ਨਾਂਅ ਅਤੇ ਕਮਰਾ ਨੰਬਰ ਆਦਿ ਲਿਖ ਕੇ ਹੋਟਲ ਦੀ ਰਿਸੈਪਸ਼ਨ (ਸਵਾਗਤੀ ਮੇਜ਼) ਉਤੇ ਦੇ ਦਿੱਤਾ ਜਾਂਦਾ ਹੈ। ਇਸ ਵੇਲੇ ਇਹ ਸੇਵਾ ਕ੍ਰਾਊਨ ਪਲਾਜ਼ਾ ਅਤੇ ਕੋਮੋਡੋਰ ਹੋਟਲ ਵਿਖੇ ਰੋਜ਼ਾਨਾ ਦੋ ਟਾਈਮ ਲੰਗਰ ਭੇਜ ਕੇ ਕੀਤੀ ਜਾ ਰਹੀ ਹੈ। ਇਹ ਲੰਗਰ ਗੁਰਦੁਆਰਾ ਸਾਹਿਬ ਦੀ ਰਸੋਈ ਵਿਚ ਸਮੂਹ ਸੰਗਤ ਵੱਲੋਂ ਬਣਾਇਆ ਜਾ ਰਿਹਾ ਹੈ ਅਤੇ ਰਾਸ਼ਨ ਗੁਰਦੁਆਰਾ ਸਾਹਿਬ ਤੋਂ ਸੰਗਤ ਦੇ ਸਹਿਯੋਗ ਨਾਲ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ‘ਦੇਗ-ਤੇਗ ਫਤਿਹ ਸਿੱਖ ਸੁਸਾਇਟੀ’ ਵੱਲੋਂ ਲਾਕ ਡਾਊਨ ਦੌਰਾਨ ਫੂਡ ਬੈਗਾਂ ਦੀ ਸੇਵਾ ਵੀ ਕੀਤੀ ਜਾ ਚੁੱਕੀ ਹੈ।