ਨਵੀਂ ਦਿੱਲੀ, 5 ਸਤੰਬਰ – ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਭਾਰਤ ਇਕਮਾਤਰ ਦੇਸ਼ ਹੈ, ਜੋ ਤਾਲਾਬੰਦੀ ਰਣਨੀਤੀ ਦਾ ਲਾਭ ਚੁੱਕਦਾ ਨਹੀਂ ਦਿੱਸ ਰਿਹਾ ਹੈ| ਉਨ੍ਹਾਂ ਨੇ ਸਤੰਬਰ ਦੇ ਅੰਤ ਤੱਕ ਭਾਰਤ ਵਿੱਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 65 ਲੱਖ ਹੋਣ ਦਾ ਅਨੁਮਾਨ ਜਤਾਇਆ ਹੈ| ਚਿਦਾਂਬਰਮ ਨੇ ਸਰਕਾਰ ਤੇ ਇਹ ਹਮਲਾ ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 40 ਲੱਖ ਦੇ ਪਾਰ ਪਹੁੰਚਣ ਤੇ ਕੀਤਾ| ਹਾਲਾਂਕਿ ਸਿਹਤ ਮਹਿਕਮੇ ਦੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਮੁਕਤ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 31,07,227 ਹੋ ਗਈ ਹੈ| ਉਹਨਾਂ ਨੇ ਕਿਹਾ,”ਮੈਂ 30 ਸਤੰਬਰ ਤੱਕ ਪੀੜਤਾਂ ਦੀ ਗਿਣਤੀ 55 ਲੱਖ ਹੋਣ ਦਾ ਅਨੁਮਾਨ ਜਤਾਇਆ ਸੀ| ਮੈਂ ਗਲਤ ਸੀ| ਭਾਰਤ 20 ਸਤੰਬਰ ਤੱਕ ਹੀ ਉਸ ਅੰਕੜੇ ਤੇ ਪਹੁੰਚ ਜਾਵੇਗਾ ਅਤੇ ਸਤੰਬਰ ਦੇ ਅੰਤ ਤੱਕ ਪੀੜਤਾਂ ਦੀ ਗਿਣਤੀ 65 ਲੱਖ ਤੱਕ ਪਹੁੰਚ ਸਕਦੀ ਹੈ|”
ਉਹਨਾਂ ਕਿਹਾ ਕਿ ਭਾਰਤ ਇਕਮਾਤਰ ਦੇਸ਼ ਹੈ, ਜੋ ਤਾਲਾਬੰਦੀ ਰਣਨੀਤੀ ਦਾ ਲਾਭ ਚੁੱਕਦਾ ਨਹੀਂ ਦਿੱਸ ਰਿਹਾ ਹੈ| ਉਨ੍ਹਾਂ ਨੇ ਕਿਹਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਵਿੱਚ ਕੋਰੋਨਾ ਵਾਇਰਸ ਨੂੰ ਹਰਾਉਣ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਉਂ ਭਾਰਤ ਅਸਫਲ ਹੋਇਆ, ਜਦੋਂ ਕਿ ਹੋਰ ਦੇਸ਼ ਸਫ਼ਲ ਹੁੰਦੇ ਦਿੱਸ ਰਹੇ ਹਨ|” ਇਕ ਹੋਰ ਟਵੀਟ ਵਿੱਚ ਚਿਦਾਂਬਰਮ ਨੇ ਅਰਥ ਵਿਵਸਥਾ ਦੀ ਹਾਲਤ ਤੇ ਵਿੱਤ ਮੰਤਰਾਲੇ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਕੋਲ ਵਿੱਤ ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਨਕਾਰਾਤਮਕ ਵਾਧੇ ਦਾ ਉੱਤਰ ਨਹੀਂ ਹੈ| ਸਾਬਕਾ ਵਿੱਤ ਮੰਤਰੀ ਨੇ ਕਿਹਾ,”ਪਰ ਉਹ ਭਾਰਤ ਸਰਕਾਰ ਨੂੰ ਉਲਝਾਉਣ ਅਤੇ ਫਿਰ ਤੋਂ ਵਿਕਾਸ ਦੀ ਰਫ਼ਤਾਰ ਫੜਨ ਦੇ ਦਾਅਵੇ ਦੇ ਪੁਰਾਣੇ ਖੇਡ ਨਾਲ ਸਾਹਮਣੇ ਆਇਆ ਹੈ|”