ਰਸੋਈ ਗੈਸ ਨੂੰ ਲੈ ਕੇ ਲੋਕਾਂ ਦੇ ਘਬਰਾਉਣ ਕਾਰਨ ਇੰਡਕਸ਼ਨ ਕੁੱਕਰ ਅਤੇ ਚੁੱਲ੍ਹਿਆਂ ਦੀ ਮੰਗ ਵਧੀ
ਰੋਹਿਤ ਗੁਪਤਾ, ਗੁਰਦਾਸਪੁਰ-ਰਸੋਈ ਗੈਸ ਨੂੰ ਲੈ ਕੇ ਲੋਕ ਘਬਰਾ ਰਹੇ ਹਨ ਜਿਸ ਕਾਰਨ ਗੈਸ ਏਜੰਸੀਆਂ ਵਿੱਚ ਲਗਾਤਾਰ ਭੀੜ ਦੇਖਣ ਨੂੰ ਮਿਲ ਰਹੀ ਹੈ। ਅਫਵਾਹ ਫੈਲੀ ਹੋਈ ਹੈ ਕਿ ਖਾੜੀ ਦੇਸ਼ਾਂ ਦੀ ਜੰਗ ਕਾਰਨ ਗੈਸ ਮਿਲਣੀ ਬੰਦ ਹੋ ਜਾਵੇਗੀ ਜਿਸ ਕਾਰਨ ਲੋਕਾਂ ਨੇ ਗੈਸ ਦੇ ਤੋੜ ਵੀ ਵਰਤਣੇ ਸ਼ੁਰੂ ਕਰ ਦਿੱਤੇ ਹਨ। ਇਲੈਕਟ੍ਰਾਨਿਕਸ ਦੀਆਂ ਦੁਕਾਨਾਂ ‘ਤੇ ਇੰਡਕਸ਼ਨ ਚੁੱਲ੍ਹੇ, ਕੁੱਕਰ ਅਤੇ ਰੋਟੀ ਬਣਾਉਣ ਵਾਲੀਆਂ ਮਸ਼ੀਨਾਂ ਦੀ ਵਿਕਰੀ ਵੀ ਵੱਧ ਗਈ ਹੈ। ਇਕਦਮ ਵਿਕਰੀ ਵਧਣ ਕਾਰਨ ਇਲੈਕਟ੍ਰਾਨਿਕਸ ਡੀਲਰ ਵੀ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਸਪਲਾਈ ਉਸ ਹਿਸਾਬ ਨਾਲ ਨਹੀਂ ਆ ਰਹੀ।
ਉੱਥੇ ਹੀ ਇੰਡਕਸ਼ਨ ਦੇ ਮਕੈਨਿਕ ਦਾ ਕਹਿਣਾ ਹੈ ਕਿ ਲੋਕਾਂ ਨੇ ਪੁਰਾਣੀਆਂ ਮਸ਼ੀਨਾਂ ਦੀ ਰਿਪੇਅਰ ਵੀ ਵੱਡੀ ਗਿਣਤੀ ਵਿੱਚ ਕਰਵਾਉਣੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਗੈਸ ਦੀ ਕਿੱਲਤ ਕਾਰਨ ਪੁਰਾਣਾ ਦੌਰ ਵੀ ਵਾਪਸ ਆਉਂਦਾ ਦਿਖ ਰਿਹਾ ਹੈ ਕਿਉਂਕਿ ਲੋਕ ਮਿੱਟੀ ਦੇ ਤੇਲ ਦੇ ਸਟੋਵ ਅਤੇ ਕੋਲੇ ਦੀਆਂ ਭੱਠੀਆਂ ਵੀ ਵੱਡੀ ਗਿਣਤੀ ਵਿੱਚ ਖਰੀਦ ਰਹੇ ਹਨ। ਭਾਂਡਿਆਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਟੋਵ ਆਊਟ ਆਫ ਸਟਾਕ ਹੋ ਗਏ ਹਨ। ਪੁਰਾਣੇ ਪਏ ਸਟੋਵ ਸਾਰੇ ਵਿਕ ਗਏ ਹਨ ਅਤੇ ਅੱਗੋਂ ਮਾਲ ਵੀ ਨਹੀਂ ਆ ਰਿਹਾ ਜਦਕਿ ਲੋਕ ਰੋਜ਼ ਖਰੀਦਣ ਆ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਗਾਹਕਾਂ ਨੂੰ ਵਾਪਸ ਖਾਲੀ ਹੱਥ ਮੋੜਨਾ ਪੈ ਰਿਹਾ ਹੈ।
















