ਔਕਲੈਂਡ, 04 ਸਤੰਬਰ 2020 – ਮੈਨੁਕਾਓ ਪੁਲਿਸ ਨੇ ਬੀਤੇ ਕੱਲ੍ਹ ਇਕ ਸਟਿੰਗ ਅਪ੍ਰੇਸ਼ਨ ਦੇ ਰਾਹੀਂ ਤਿੰਨ ਲੋਕਾਂ ਦੀ ਗ੍ਰਿਫਤਾਰੀ ਕੀਤੀ ਸੀ ਜਿਨ੍ਹਾਂ ਦਾ ਸਬੰਧ ਆਪਣੇ ਵਪਾਰਕ ਅਦਾਰਿਆਂ ਉਤੇ ਅਫੀਮ ਦੀ ਵਿਕਰੀ ਕਰਨ ਨਾਲ ਹੈ। ਰਾਸ਼ਟਰੀ ਖਬਰਾਂ ਅਨੁਸਾਰ ਇਹ ਅਫੀਮ ਦੀ ਕੀਮਤ ਕਾਫੀ ਜਿਆਦਾ ਹੈ। ਇਸ ਨੂੰ ਕਲਾਸ-ਬੀ ਦੀ ਸ਼੍ਰੇਣੀ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ ਅਤੇ ਇਹ ਨਿਯੰਤਰਣ ਡਰੱਗ ਦੇ ਵਿਚ ਆਉਂਦੀ ਹੈ। ਪ੍ਰਚਲਿਤ ਨਾਂਅ ਇਸਦਾ ਕਾਮਨੀ ਹੈ। ਇਸ ਤੋਂ ਇਲਾਵਾ ਅਫੀਮ ਵਾਲੇ ਪਦਾਰਥ ਵੀ ਹਨ ਜੋ ਇੰਡੀਆ ਤੋਂ ਮੰਗਵਾਏ ਗਏ ਹਨ।
ਪਾਪਾਟੋਏਟੋਏ ਵਿਖੇ ਇਕ ਫਲਾਂ ਅਤੇ ਸਬਜ਼ੀਆਂ ਦੀ ਦੁਕਾਨ ਉਤੇ ਛਾਪੇਮਾਰੀ ਦੀਆਂ ਖਬਰਾਂ ਹਨ। ਕਾਊਂਟੀਜ਼ ਮੈਨੁਕਾਓ ਪੁਲਿਸ ਨੇ ਇਕ ਕ੍ਰਾਈਮ ਯੂਨਿਟ ਸਥਾਪਿਤ ਕਰਕੇ ਪਾਪਾਟੋਏਟੋਏ, ਮੈਨੁਰੇਵਾ ਅਤੇ ਮੈਨੁਕਾਓ ਵਿਖੇ ਕਈਆਂ ਦੇ ਸਰਚ ਵਾਰੰਟ ਲਏ ਹਨ। ਇਹ ਜਾਂਚ-ਪੜ੍ਹਤਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਅਤੇ ਅਜੇ ਲੰਬੀ ਚੱਲਣ ਦੀ ਸੰਭਾਵਨਾ ਹੈ ਅਤੇ ਚਰਚਾਵਾਂ ਹਨ ਕਿ ਇਨ੍ਹਾਂ ਵਿਚ ਆਪਣੇ ਲੋਕਾਂ ਦੀਆਂ ਦੁਕਾਨਾਂ ਸ਼ਾਮਿਲ ਹਨ। ਅਫੀਮ ਦੀ ਵਿਕਰੀ ਨਾਲ ਸਬੰਧਿਤ ਵਪਾਰੀਆਂ ਦੇ ਘਰਾਂ ਦੇ ਵਿਚ ਵੀ ਛਾਪੇਮਾਰੀ ਕੀਤੀ ਗਈ ਹੈ। ਪਾਪਾਟੋਏਟੋਏ ਵਿਖੇ ਇਹ ਘਟਨਾਂ ਸਵੇਰੇ 9 ਵਜੇ ਦੇ ਕਰੀਬ ਦੀ ਹੈ ਜਦੋਂ ਪੁਲਿਸ ਨੇ ਦੁਕਾਨਦਾਰ ਨੂੰ ਉਸਦੀ ਰੇਂਜਰੋਵਰ ਗੱਡੀ ਤੋਂ ਲਾਹ ਕੇ ਦੁਕਾਨ ਅੰਦਰ ਲਿਜਾ ਪੁੱਛਗਿਛ ਕੀਤੀ।
ਉਸ ਸਮੇਂ ਦੁਕਾਨ ਅੰਦਰ ਆਮ ਲੋਕਾਂ ਨੂੰ ਆਉਣ ਤੋਂ ਬੰਦ ਕਰ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਦੋ ਪੁਰਸ਼ (ਉਮਰ 31 ਸਾਲ ਅਤੇ 58 ਸਾਲ) ਅਤੇ ਇਕ ਮਹਿਲਾ (27) ਗ੍ਰਿਫਤਾਰ ਹੋਈ ਹੈ, ਜਿਨ੍ਹਾਂ ਨੂੰ 24 ਸਤੰਬਰ ਨੂੰ ਅਦਾਲਤ ਦੇ ਵਿਚ ਦੋਸ਼ ਸਮੇਤ ਪੇਸ਼ ਕੀਤਾ ਜਾਣਾ ਹੈ। ਇਹ ਮਹਿਲਾ ਇਹ ਅਫੀਮ ਵਾਲੇ ਪਦਾਰਥ ਵੇਚਣ ਦੇ ਦੋਸ਼ ਵਿਚ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ। ਇਨ੍ਹਾਂ ਛਾਪੇਮਾਰੀਆਂ ਦੌਰਾਨ ਪੁਲਿਸ ਦੇ ਹੱਥ ਕੀ ਲੱਗਾ ਦਾ ਵੇਰਵਾ ਅੱਜ ਪੁਲਿਸ ਨੇ ਆਪਣੇ ਫੇਸਬੁੱਕ ਪੇਜ ਉਤੇ ਵੀ ਪਾ ਦਿੱਤਾ ਹੈ ਜਿਨ੍ਹਾਂ ਵਿਚ 400 ਕਾਰਟੂਨ ਗੈਰ ਕਾਨੂੰਨੀ ਤਰੀਕੇ ਨਾਲ ਮੰਗਵਾਈਆਂ ਸਿਗਰਟਾਂ, ਹਜਾਰਾਂ ਡਾਲਰ ਨਿਊਜ਼ੀਲੈਂਡ ਦੇ ਡਾਲਰ, ਭਾਰਤੀ ਕਰੰਸੀ ਅਤੇ ਸੋਨਾ ਵੀ ਸ਼ਾਮਿਲ ਹੈ। ਸਿਗਰਟਾਂ ਦੀ ਦਰਾਮਦ ਵਿਚ ਨਿਊਜ਼ੀਲੈਂਡ ਕਸਟਮ ਵਿਭਾਗ ਵੀ ਜਾਂਚ ਦੇ ਘੇਰੇ ਵਿਚ ਹੈ। ਅਫੀਮ ਵਾਲਾ ਸਮਾਨ ਸ਼ੀਸ਼ੀਆਂ ਦੇ ਵਿਚ ਬੰਦ ਹੈ ਅਤੇ ਹੋ ਸਕਦਾ ਹੈ ਕਿ ਹਰਬਲ ਕਹਿ ਕੇ ਵੇਚਿਆ ਜਾ ਰਿਹਾ ਹੋਵੇ।
ਫੜੇ ਗਏ ਸਮਾਨ ਦੀ ਜੋ ਤਸਵੀਰ ਪੁਲਿਸ ਨੇ ਜਾਰੀ ਕੀਤੀ ਹੈ ਉਸ ਦੇ ਵਿਚ 10 ਰੁਪਏ ਦੇ ਨੋਟ ਵੀ ਸ਼ਾਮਿਲ ਹਨ ਜਿਸ ਉਤੇ ਭਾਰਤ ਦੇ ਰਾਸ਼ਟਰਪਿਤਾ ਕਹੇ ਜਾਂਦੇ ਮਹਾਤਮਾ ਗਾਂਧੀ ਦੀ ਤਸਵੀਰ ਵੀ ਕੁਮੈਂਟ ਦੇ ਲਈ ਚਰਚਾ ਵਿਚ ਹੈ।