ਜੈਤੋ, 23 ਅਗਸਤ 2020 : ਕੋਰੋਨਾ ਮਹਾਂਮਾਰੀ ਕਾਰਨ ਸਮੁੱਚਾ ਦੇਸ਼ ਬਹੁਤ ਨਾਜੁਕ ਦੌਰ ਵਿੱਚੋਂ ਗੁਜਰ ਰਿਹਾ ਹੈ।ਪੰਜਾਬ ਹੀ ਮੁਲਕ ਦਾ ਅਜਿਹਾ ਸੂਬਾ ਸੀ ਜਿਸਨੇ ਸਭ ਤੋਂ ਪਹਿਲਾਂ ਕੋਰੋਨਾ ਉੱਪਰ ਕਾਬੂ ਪਾਉਣ ਦਾ ਦਾਅਵਾ ਕਰਦਿਆਂ “ਮਿਸ਼ਨ ਫਤਿਹ” ਮਨਾਉਂਦਿਆਂ ਲਾਕਡਾਊਨ ਵਿੱਚ ਵੱਡੀਆਂ ਰਾਹਤਾਂ ਦੇ ਦਿੱਤੀਆਂ ਸਨ ਅਤੇ ਹੌਲੀ ਹੌਲੀ ਲਾਕਡਾਊਨ ਲਗਭਗ ਖਤਮ ਹੀ ਕਰ ਦਿੱਤਾ ਸੀ।ਪਰ ਅਚਾਨਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਬਾਰਾ ਸ਼ਨਿੱਚਰਵਾਰ ਅਤੇ ਐਤਵਾਰ ਦੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਅਤੇ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਛੋਟਾਂ ਨੂੰ ਖਤਮ ਕਰਕੇ ਇੱਕ ਵਾਰ ਫਿਰ ਪਾਬੰਦੀਆਂ ਜੜ ਦਿੱਤੀਆਂ ਹਨ। ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਇਸ ਸੰਬੰਧ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਿਆਨਕ ਬਿਮਾਰੀ ਕੋਰੋਨਾ ਪੂਰੇ ਜੋਰ ‘ਤੇ ਹੈ ਪਰ ਇਹ ਤਾਂ ਉਸ ਸਮੇਂ ਵੀ ਹਜਾਰਾਂ ਲੋਕਾਂ ਨੂੰ ਹਰ ਰੋਜ ਆਪਣੀ ਗ੍ਰਿਫਤ ਵਿੱਚ ਲੈ ਹੀ ਰਹੀ ਸੀ ਜਦੋਂ ‘ਮਹਾਰਾਜਾ ਸਾਹਿਬ’ ਦੀ ਸਰਕਾਰ ਨੇ ਫਤਿਹ ਮਨਾਉਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦੀ ਭੂਮਿਕਾ ਬਹੁਤ ਜਿਆਦਾ ਸ਼ੱਕ ਦੇ ਘੇਰੇ ਵਿੱਚ ਹੈ ਜਾਂ ਤਾਂ ਉਸ ਸਮੇਂ “ਮਿਸ਼ਨ ਫਤਿਹ” ਦਾ ਐਲਾਨ ਕਰਨਾ ਜਲਦਬਾਜੀ ਸੀ ਜਾਂ ਫਿਰ ਹੁਣ ਸਰਕਾਰ ਆਪਣੇ ਖਿਲਾਫ ਉੱਠ ਰਹੇ ਲੋਕ ਘੋਲਾਂ ਅਤੇ ਲੋਕ ਰੋਹਾਂ ਨੂੰ ਦਬਾਉਣ ਲਈ ਕੋਰੋਨਾ ਮਹਾਂਮਾਰੀ ਦਾ ਸਹਾਰਾ ਲੈ ਰਹੀ ਹੈ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਵਿੱਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ ਉੱਪਰ ਬਿਲਕੁਲ ਘਿਰ ਚੁੱਕੀ ਹੈ ਅਤੇ ਅਜੇ ਵੀ ਇਹ ਜਹਿਰ ਪੰਜਾਬ ਦੇ ਲੋਕਾਂ ਨੂੰ ਨਿਗਲ ਰਿਹਾ ਹੈ ਜਿਸਦਾ ਪੰਜਾਬ ਸਰਕਾਰ ਕੋਈ ਹੱਲ ਨਹੀਂ ਕਰ ਰਹੀ। ਕੇਂਦਰ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਖੇਤੀ ਅਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵੀ ਪੰਜਾਬ ਸਰਕਾਰ ਅੰਦਰਖਾਤੇ ਸਮਰਥਨ ਹੀ ਕਰ ਰਹੀ ਹੈ।ਸਰਕਾਰ ਦੁਆਰਾ ਮੁਲਾਜ਼ਮਾਂ ਦੀ ਤਨਖਾਹਾਂ ਰੋਕਣ, ਡੀ.ਏ ਦੀਆਂ ਕਿਸ਼ਤਾਂ ਰੋਕਣ ਆਦਿ ਮੁੱਦਿਆਂ ਉੱਪਰ ਮੁਲਾਜ਼ਮ ਅਤੇ ਪੈਨਸ਼ਨਰ ਬਹੁਤ ਰੋਹ ਵਿੱਚ ਹਨ ਅਤੇ ਇਹਨਾਂ ਸਾਰੀਆਂ ਖਾਮੀਆਂ ਦੇ ਵਿਰੁੱਧ ਉੱਠ ਰਹੇ ਜਨ ਅੰਦੋਲਨਾਂ ਨੂੰ ਦਰੜਨ ਲਈ ਸਰਕਾਰ ਲਈ ਕੋਰੋਨਾ ਮਹਾਂਮਾਰੀ ਵਰਦਾਨ ਸਾਬਿਤ ਹੋ ਰਹੀ ਹੈ।ਕੋਰੋਨਾ ਦਾ ਬਹਾਨਾ ਲਾ ਕੇ ਸਰਕਾਰ ਨੇ ਧਰਨੇ ਪ੍ਰਦਰਸ਼ਨਾਂ ਉੱਪਰ ਪਾਬੰਦੀ ਲਾ ਕੇ ਕੋਝੀ ਚਾਲ ਚੱਲੀ ਹੈ।ਉਹਨਾਂ ਕਿਹਾ ਕਿ ਸਿਰਫ ਰਾਤ ਦਾ ਕਰਫਿਊ ਲਗਾਉਣਾ ਨਸ਼ਾ ਤਸਕਰਾਂ ਅਤੇ ਰੇਤ ਮਾਫੀਏ ਦੀ ਕਰਨਾ ਜਾਪਦਾ ਹੈ ਤਾਂ ਜੋ ਲੋਕ ਘਰਾਂ ਵਿੱਚ ਤਾੜੇ ਰਹਿਣ ਅਤੇ ਨਸ਼ਾ ਵੇਚਣ ਅਤੇ ਰੇਤ ਮਾਫੀਏ ਵਾਲੇ ਬਿਨਾਂ ਰੋਕ ਟੋਕ ਦੇ ਆਪਣੇ ਮਿਸ਼ਨ ਫਤਿਹ ਕਰਦੇ ਰਹਿਣ।