ਲੰਡਨ, 23 ਅਗਸਤ, 2020 : ਗਲੋਬਲ ਸਿੱਖ ਕੌਂਸਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਸਤਿਕਾਰ ਕਮੇਟੀ ਅੰਮ੍ਰਿਤਸਰ ਦਾ ਕੋਈ ਵਿਸ਼ੇਸ਼ ਰੁਤਬਾ ਨਹੀਂ ਹੈ ਤੇ ਇਸਨੂੰ ਕਿਸੇ ਦੇ ਵੀ ਘਰੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਟਾਉਣ ਦਾ ਕੋਈ ਹੱਕ ਨਹੀਂ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਨੇ ਕਿਹਾ ਕਿ ਅਸੀਂ ਆਪੇ ਬਣੀ ਕਮੇਟੀ ਵੱਲੋਂ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਜਸਵੰਤ ਸਿੰਘ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਬਰੀ ਹਟਾਉਣ ਦੀ ਨਿਖੇਧੀ ਕਰਦੇ ਹਾਂ। ਉਹਨਾਂ ਕਿਹਾ ਕਿ ਇਹ ਦਲੀਲ ਦਿੱਤੀ ਗਈ ਹੈ ਕਿ ਉਹ ਮੀਟ ਅਤੇ ਅੰਡੇ ਖਾਂਦੇ ਸੀ ਤੇ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਇਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੀ ਗਈ ਪੰਥ ਪ੍ਰਵਾਨਤ ਰਹਿਤ ਮਰਿਆਦਾ ਵਿਚ ਕਿਤੇ ਵੀ ਮੀਟ ਖਾਣ ‘ਤੇ ਮਨਾਹੀ ਨਹੀਂ ਹੈ ਬਲਕਿ ਹਲਾਲ ਮੀਟ ਖਾਣ ‘ਤੇ ਮਨਾਈ ਹੈ ।
ਉਹਨਾਂ ਕਿਹਾ ਕਿ ਸਤਿਕਾਰ ਕਮੇਟੀ ਦੀ ਕਾਰਵਾਈ ਇਸ ਰਹਿਤ ਮਰਿਆਦਾ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੈ । ਉਹਨਾਂ ਕਿਹਾ ਕਿ ਸਤਿਕਾਰ ਕਮੇਟੀ ਦੇ ਮੈਂਬਰ ਇਸ ਗੱਲ ਸੋਚ ਵਿਚ ਹਨ ਕਿ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਰਾਖੀ ਦਾ ਹੱਕ ਹੈ। ਅਸੀਂ ਇਸ ਹਿੰਸਾਤਮਕ ਅਤੇ ਸਭਿਅਕ ਸਮਾਜਿਕ ਸਰੋਕਾਰ ਦੀ ਬੇਇੱਜ਼ਤੀ ਦੀ ਨਿਖੇਧੀ ਕਰਦੇ ਹਾਂ । ਉਹਨਾਂ ਕਿਹਾ ਕਿ ਹਰ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰ ਵਿਚ ਰੱਖਣ ਤੇ ਸਤਿਕਾਰ ਕਰਨ ਦਾ ਹੱਕ ਹੈ। ਸੱਚਾ ਸਤਿਕਾਰ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ•ਨ, ਸਮਝਣ ਤੇ ਇਸਦੀਆਂ ਸਿੱਖਿਆਵਾਂ ‘ਤੇ ਰੋਜ਼ਾਨਾ ਅਮਲ ਕਰਨ ਵਿਚ ਹੈ। ਇਹੀ ਸੱਚ ਹੈ ਤੇ ਹਰ ਸਿੱਖ ਦਾ ਫਰਜ਼ ਹੈ।