ਤਰਨਤਾਰਨ, 22 ਅਗਸਤ 2020 – ਭਾਰਤ ਪਾਕਿਸਤਾਨ ਸਰਹੱਦ ’ਤੇ ਬੀ.ਐੱਸ.ਐੱਫ ਵਲੋਂ ਪੰਜ ਸ਼ੱਕੀ ਘੁਸਪੈਠੀਆਂ ਨੂੰ ਭਾਰਤ ਵਿਚ ਦਾਖਲ ਹੁੰਦੇ ਹੋਏ ਐਨਕਾਊਂਟਰ ਵਿਚ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰੈੱਸ ਕਾਨਫਰੰਸ ਮੌਕੇ ਬੀ.ਐੱਸ.ਐੱਫ 103 ਬਟਾਲੀਅਨ ਦੇ ਆਈ.ਜੀ ਮਾਹੀਪਾਲ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਬੀ.ਓ.ਪੀ ਪਿੰਡ ਡੱਲ ਪਾਕਿ ਸਰਹੱਦ ’ਤੇ ਬੀਤੀ ਰਾਤ ਕਰੀਬ 11 ਵਜੇ (ਕਥਿਤ) ਪਾਕਿ ਘੁਸਪੈਠੀਆਂ ਨੇ ਭਾਰਤੀ ਸਰਹੱਦ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਹਰਕਤ ਵਿਚ ਆਉਦਿਆਂ ਜਵਾਬੀ ਕਾਰਵਾਈ ਵਜੋਂ ਕੁਝ ਰਾਊਂਡ ਫਾਇਰ ਕੀਤੇ ਤਾਂ ਅੱਗੋਂ ਘੁਸਪੈਠੀਆਂ ਵਲੋਂ ਵੀ ਫਾਈਰਿੰਗ ਸ਼ੁਰੂ ਕਰ ਦਿੱਤੀ ਗਈ। ਇਸ ਫਾਈਰਿੰਗ ਦੌਰਾਨ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਪੰਜ ਘੁਸਪੈਠੀਆਂ ਨੂੰ ਮੌਕੇ ’ਤੇ ਹੀ ਢੇਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬੀ.ਐੱਸ.ਐੱਫ ਵਲੋਂ ਸਵੇਰੇ 5 ਵਜੇ ਇਕ ਸਰਚ ਅਪ੍ਰੇਸ਼ਨ ਚਲਾਇਆ ਗਿਆ। ਜਿਸ ਵਿਚ ਸਰਹੱਦ ਦੇ ਨੇੜੇ ਤੋਂ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਪਾਸੋਂ 4 ਪਿਸਟਲ, 9 ਪੈਕਟ ਹੈਰੋਇਨ, ਇਕ ਏ.ਕੇ 47 ਰਾਈਫਲ, 27 ਰੌਂਦ ਅਤੇ ਪਿੱਠੂ ਬੈਗ ਬਰਾਮਦ ਹੋਏ।
ਆਈ.ਜੀ ਯਾਦਵ ਵਲੋਂ ਦੱਸਿਆ ਗਿਆ ਕਿ ਉਕਤ ਮਾਰੇ ਗਏ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਬੀ.ਐੱਸ.ਐੱਫ ਦੇ ਅਧਿਕਾਰੀ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਵਿਚ ਲੱਗੇ ਹੋਏ ਹਨ।