ਨਵੀਂ ਦਿੱਲੀ, 31 ਜੁਲਾਈ, 2020 : ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿਚ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਬਾਲੀਵੁਡ ਅਦਾਕਾਰਾ ਰੀਆ ਚੱਕਰਵਰਤ ਨੇ ਸੁਪਰੀਮ ਕੋਰਟ ਵਿਚ ਪਾਈ ਆਪਣੀ ਪਟੀਸ਼ਨ ਵਿਚ ਕਿਹਾ ਕਿ ਉਸਨੂੰ ਗਲਤ ਫਸਾਇਆ ਜਾ ਰਿਹਾ ਹੈ।
ਪਟੀਸ਼ਨ ਵਿਚ ਇਹ ਦਾਅਵਾ ਵੀ ਕੀਤਾ ਗਿਆ ਕਿ ਉਸਦਾ ਸੁਸ਼ਾਂਤ ਨਾਲ ‘ਲਿਵ ਇਨ ਰਿਲੇਸ਼ਨਸ਼ਿਪ’ ਰਿਸ਼ਤਾ ਸੀ। ਉਸਨੇ ਕਿਹਾ ਕਿ ਬਿਹਾਰ ਵਿਚ ਕੇਸ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ, ਇਸ ਲਈ ਇਸ ਐਫ ਆਈ ਆਰ ਨੂੰ ਮੁੰਬਈ ਸ਼ਿਫਟ ਕੀਤਾ ਜਾਵੇ। ਯਾਦ ਰਹੇ ਕਿ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਵੱਲੋਂ ਪਟਨਾ ਵਿਚ ਚੱਕਰਵਰਤੀ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਜਿਸ ਵਿਚ ਉਹਨਾਂ ਨੇ ਰੀਆ ‘ਤੇ ਸੁਸ਼ਾਂਤ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਸਮੇਤ ਕਈ ਦੋਸ਼ ਲਗਾਏ ਹਨ। ਬਿਹਾਰ ਸਰਕਾਰ ਤੇ ਰਾਜਪੂਤ ਦੇ ਪਰਿਵਾਰ ਨੇ ਵੀ ਸੁਪਰੀਮ ਕੋਰਟ ਵਿਚ ਪਟੀਸ਼ਨਾਂ ਦਾਇਰ ਕਰ ਕੇ ਚੱਕਰਵਰਤੀ ਦੀ ਪਟੀਸ਼ਨ ਨੂੰ ਚੁਣੌਤੀ ਦਿੱਤੀ ਹੈ।
ਆਪਣੀ ਪਟੀਸ਼ਨ ਵਿਚ ਰੀਆ ਨੇ ਦੱਸਿਆ ਕਿ ਸੁਸ਼ਾਂਤ ਪਿਛਲੇ ਕੁਝ ਸਮੇਂ ਤੋਂ ਡਿਸਪ੍ਰੈਸ਼ਨ ਵਿਚ ਸੀ ਤੇ ਇਸਦੀਆਂ ਦਵਾਈਆ ਲੈ ਰਿਹਾ ਸੀ। ਉਸਨੇ ਇਹ ਵੀ ਦੱਸਿਆ ਕਿ ਸੁਸ਼ਾਂਤ ਦੀ ਮੌਤ ਮਗਰੋਂ ਉਸਨੂੰ ਜਾਨੋਂ ਮਾਰਨ ਤੇ ਰੇਪ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਉਹ ਸੁਸ਼ਾਂਤ ਦੀ ਮੌਤ ਕਾਰਨ ਪਹਿਲਾਂ ਹੀ ਬਹੁਤ ਡੂੰਘੇ ਸਦਮੇ ਵਿਚ ਹੈ।