ਸ਼੍ਰੀਨਗਰ, 24 ਸਤੰਬਰ- ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲੇ ਵਿੱਚ ਮੋਟਰਸਾਈਕਲ ਤੇ ਸਵਾਰ ਕੁਝ ਅੱਤਵਾਦੀਆਂ ਨੇ ਸਵੇਰੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ. ਆਰ. ਪੀ. ਐਫ.) ਦੇ ਇਕ ਜਵਾਨ ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਹੈ| ਹਮਲੇ ਨੂੰ ਅੰਜ਼ਾਮ ਦੇਣ ਤੋਂ ਬਾਅਦ ਅੱਤਵਾਦੀ ਜਵਾਨ ਦੀ ਰਾਈਫਲ ਖੋਹ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ| ਸੂਤਰਾਂ ਮੁਤਾਬਕ ਬਡਗਾਮ ਜ਼ਿਲੇ ਦੇ ਚਦੂਰਾ ਵਾਦੀਪੋਰਾ ਕੇਸਰਮੁੱਲਾ ਵਿੱਚ ਅੱਜ ਸਵੇਰੇ ਮੋਟਰਸਾਈਕਲ ਤੇ ਸਵਾਰ ਕੁਝ ਅੱਤਵਾਦੀਆਂ ਨੇ ਸੀ. ਆਰ. ਪੀ. ਐਫ. ਦੇ ਇਕ ਸਹਾਇਕ ਸਬ ਇੰਸਪੈਕਟਰ ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ|
ਗੰਭੀਰ ਰੂਪ ਨਾਲ ਜ਼ਖਮੀ ਜਵਾਨ ਨੂੰ ਸੈਨਾ ਦੇ 92 ਬੇਸ ਹਸਪਤਾਲ ਵਿੱਚ ਲਿਜਾਇਆ ਗਿਆ ਹੈ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ| ਜਵਾਨ ਦੀ ਪਛਾਣ ਸਹਾਇਕ ਸਬ ਇੰਸਪੈਕਟਰ ਬੋਡਲੇ ਦੇ ਰੂਪ ਵਿੱਚ ਕੀਤੀ ਗਈ ਹੈ| ਉਹ ਮਹਾਰਾਸ਼ਟਰ ਦੇ ਨਾਗਪੁਰ ਦਾ ਰਹਿਣ ਵਾਲਾ ਸੀ|
ਇਸ ਦੌਰਾਨ ਸੁਰੱਖਿਆ ਫੋਰਸ ਨੇ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਫੜਨ ਲਈ ਪੂਰੇ ਇਲਾਕੇ ਵਿੱਚ ਘੇਰਾਬੰਦੀ ਕਰਨ ਤੋਂ ਬਾਅਦ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ| ਇਸ ਤੋਂ ਪਹਿਲਾਂ ਇਸ ਥਾਂ ਤੇ ਦੇਰ ਰਾਤ ਨੂੰ ਬਲਾਕ ਵਿਕਾਸ ਪ੍ਰੀਸ਼ਦ (ਬੀ.ਡੀ.ਸੀ.) ਦੇ ਪ੍ਰਧਾਨ ਭੁਪਿੰਦਰ ਸਿੰਘ ਦੀ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ|