ਨਵੀਂ ਦਿੱਲੀ, 31 ਜੁਲਾਈ 2020 – ਭਾਰਤ ਨੇ ਚੀਨ ਨੂੰ ਆਰਥਿਕ ਮੋਰਚੇ ‘ਤੇ ਇੱਕ ਹੋਰ ਤਕੜਾ ਝਟਕਾ ਦਿੱਤਾ ਹੈ। ਹੁਣ ਭਾਰਤ ਸਰਕਾਰ ਨੇ ਰੰਗੀਨ ਟੈਲੀਵਿਯਨ ਦੇ ਆਯਾਤ ‘ਤੇ ਪਾਬੰਦੀ ਲਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਤੋਂ ਵੱਡੇ ਪੈਮਾਨੇ ‘ਤੇ ਕਲਰ ਟੀ.ਵੀ. ਮੰਗਵਾਏ ਜਾਂਦੇ ਸਨ। ਜਿਸ ‘ਤੇ ਸਰਕਾਰ ਨੇ ਤੁਰੰਤ ਪ੍ਰਭਾਵ ਦੇ ਨਾਲ ਪਾਬੰਦੀ ਲਾ ਦਿੱਤੀ ਹੈ। ਡਾਇਰੈਕਟਰ ਜਨਰਲ ਆਫ ਫਾਰੇਨ ਟ੍ਰੇਡ ਮਤਲਬ ਡੀ. ਜੀ. ਐਫ. ਟੀ. ਨੇ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਦੇਸ਼ ਵਿਚ ਕਲਰ ਟੀ. ਵੀ. ਦੇ ਆਯਾਤ ਲਈ ਵਣਜ ਮੰਤਰਾਲਾ ਤੋਂ ਲਾਇਸੈਂਸ ਲੈਣਾ ਪਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਘਰੇਲੂ ਟੀ. ਵੀ. ਇੰਡਸਟਰੀ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਪਰ ਖਪਤਕਾਰ ਨੂੰ ਯਕੀਨੀ ਤੌਰ ‘ਤੇ ਇਸ ਦਾ ਨੁਕਸਾਨ ਹੋਵੇਗਾ।
ਸਰਕਾਰ ਦਾ ਕਹਿਣਾ ਹੈ ਕਿ ਘਰੇਲੂ ਉਤਪਾਦਨ ਨੂੰ ਵਧਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ, ਜਿਸ ਕਾਰਨ ‘ਮੇਕ ਇਨ ਇੰਡੀਆ’ ਨੂੰ ਬਲ ਮਿਲਗਾ। 2018-19 ਵਿਚ ਭਾਰਤ ਨੇ 1 ਬਿਲੀਅਨ ਡਾਲਰ ਦੇ ਟੈਲੀਵੀਜ਼ਨ ਦਾ ਆਯਾਤ ਕੀਤਾ ਸੀ। ਇਸ ਵਿਚੋਂ 535 ਮਿਲੀਅਨ ਡਾਲਰ ਦਾ ਆਯਾਤ ਸਿਰਫ ਚੀਨ ਤੋਂ ਕੀਤਾ ਗਿਆ ਸੀ। ਭਾਰਤ ਵਿਅਤਨਾਮ, ਮਲੇਸ਼ੀਆ, ਕੋਰੀਆ, ਇੰਡੋਨੇਸ਼ੀਆ, ਥਾਈਲੈਂਡ ਅਤੇ ਜਰਮਨੀ ਤੋਂ ਵੱਡੀ ਮਾਤਰਾ ‘ਚ ਕਲਰ ਟੀ.ਵੀ. ਆਯਾਤ ਕਰਦਾ ਹੈ।