ਚੰਡੀਗੜ, 02 ਸਤੰਬਰ 2020: ਯੂਥ ਅਕਾਲੀ ਦਲ ਨੇ ਅੱਜ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਜ਼ਿਲ•ਾ ਹੈਡਕੁਆਰਟਰਾਂ ‘ਤੇ ਐਸ ਸੀ ਭਲਾਈ ਮੰਤਰੀ ਸਾਧੁ ਸਿੰਘ ਧਰਮਸੋਤ ਦੇ ਪੁਤਲੇ ਸਾੜੇ ਅਤੇ ਮੰਗ ਕੀਤੀ ਕਿ ਐਸ ਸੀ ਸਕਾਲਰਸ਼ਿਪ ਘੁਟਾਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਦਲਿਤ ਵਿਦਿਆਰਥੀਆਂ ਦੇ ਭਵਿੱਖ ਦੀ ਕੀਮਤ ‘ਤੇ ਦਾਗੀ ਮੰਤਰੀ ਦਾ ਬਚਾਅ ਨਾ ਕਰਨ।
ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਮੁਹਾਲੀ ਵਿਚ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ ਜਿਥੇ ਨਾਅਰੇ ਲਗਾਏ ਗਏ ਕਿ ‘ਧਰਮਸੋਤ ਸਾਧੂ ਨਹੀਂ ਚੋਰ ਹੈ’, ‘ਕੈਪਟਨ ਦਾ ਸਾਧੂ ਚੋਰ ਹੈ’। ਸ੍ਰੀ ਰੋਮਾਣਾ ਨੇ ਕਿਹਾ ਕਿ ਇਹ ਕਿਹੋ ਜਿਹਾ ਨਿਆਂ ਹੈ ਜਦੋਂ ਧਰਮਸੋਤ ਵੱਲੋਂ ਐਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ 69 ਕਰੋੜ ਰੁਪਏ ਦਾ ਘੁਟਾਲਾ ਕਰਨ ਅਤੇ 309 ਕਰੋੜ ਰੁਪਏ ਦੀ ਵੰਡ ਰੋਕਣ ਤੇ 811 ਕਰੋੜ ਰੁਪਏ ਦੀ ਗਲਤ ਤਰੀਕੇ ਵੰਡ ਕੀਤੇ ਜਾਣ ਦੀ ਰਿਪੋਰਟ ਮਿਲ ਗਈ ਗਈ ਹੈ ਪਰ ਫਿਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਵੇਰਵੇ ਸਾਂਝੇ ਕਰਦਿਆਂ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਐਡੀਸ਼ਨਲ ਚੀਫ ਸੈਕਟਰੀ, ਜੋ ਕਿ ਐਸ ਸੀ ਭਲਾਈ ਵਿਭਾਗ ਦੇ ਇੰਚਾਰਜ ਹਨ, ਨੇ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਸੀ ਜਿਸਨੇ ਰਿਪੋਰਟ ਸੌਂਪੀ ਹੈ ਕਿ ਮੰਤਰੀ ਦੇ ਕਹਿਣ ‘ਤੇ ਜਾਰੀ ਕੀਤੇ ਗਏ 39 ਕਰੋੜ ਰੁਪਏ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ ਜਦਕਿ 24 ਕਰੋੜ ਰੁਪਏ ਧਰਮਸੋਤ ਨੇ ਉਹਨਾਂ ਵਿਦਿਅਕ ਅਦਾਰਿਆਂ ਨੂੰ ਜਾਰੀ ਕੀਤੇ ਹਨ ਜਿਹਨਾਂ ਖਿਲਾਫ ਪਿਛਲੀ ਵਸੂਲੀ ਹਾਲੇ ਬਾਕੀ ਹੈ। ਉਹਨਾਂ ਕਿਹਾ ਕਿ ਮੰਤਰੀ ਦੇ ਖਿਲਾਫ ਇਸ ਤੱਥਾਂ ‘ਤੇ ਆਧਾਰਿਤ ਰਿਪੋਰਟ ਦੇ ਬਾਵਜੂਦ ਮੁੱਖ ਮੰਤਰੀ ਨੇ ਧਰਮਸੋਤ ਨੂੰ ਕਲੀਨ ਚਿੱਟ ਦਿੰਦਿਆਂ ਇਸਦੀ ਜਾਂਚ ਮੁੱਖ ਸਕੱਤਰ ਨੂੰ ਸੌਂਪ ਦਿੱਤੀ। ਉਹਨਾਂ ਸਵਾਲ ਕੀਤਾ ਕਿ ਹੁਣ ਮੁੱਖ ਸਕੱਤਰ ਕਿਸਦੀ ਜਾਂਚ ਕਰਨਗੇ ? ਉਹਨਾਂ ਕਿਹਾ ਕਿ ਅਸੀਂ ਇਸ ਜਾਂਚ ਨੂੰ ਰੱਦ ਕਰਦੇ ਹਾਂ ਤੇ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕੀਤੇ ਜਾਣ ਤੇ ਉਸਨੂੰ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕਰਦੇ ਹਾਂ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਅਸੀਂ ਇਸ ਚੋਰ ਦੇ ਖਿਲਾਫ ਸੰਘਰਸ਼ ਹੋਰ ਤੇਜ਼ ਕਰਾਂਗੇ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਧਰਮਸੋਤ ਦਾ ਬਚਾਅ ਕਰ ਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ ਤੇ ਧਰਮਸੋਤ ਦਾ ਬਚਾਅ ਸਿਰਫ ਇਸ ਲਈ ਕਰ ਰਹੇ ਹਨ ਕਿ ਉਹ ਉਹਨਾਂ ਦੀ ਹਾਂ ਵਿਚ ਹਾਂ ਮਿਲਾਉਂਦਾ ਹੈ ਤੇ ਪਟਿਆਲਾ ਜ਼ਿਲ•ੇ ਤੋਂ ਹੈ।