ਵਾਸ਼ਿੰਗਟਨ, 25 ਜੁਲਾਈ – ਅਗਲੇ ਮਾਲਾਬਾਰ ਸਮੁੰਦਰੀ ਅਭਿਆਸ ਵਿੱਚ ਆਸਟ੍ਰੇਲੀਆ ਨੂੰ ਸੱਦਣ ਤੇ ਭਾਰਤ ਦੇ ਵਿਚਾਰ ਕਰਣ ਦੀਆਂ ਰਿਪੋਰਟਾਂ ਦੌਰਾਨ ਅਮਰੀਕਾ ਦੇ ਇਕ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ ‘ਕਵਾਡ’ ਦੇ 3 ਹੋਰ ਮੈਬਰਾਂ ਨਾਲ ਫੌਜੀ ਅਭਿਆਸ ਵਿੱਚ ਕੈਨਬਰਾ ਦਾ ਹਿੱਸਾ ਲੈਣਾ ਉਨ੍ਹਾਂ ਦੇ ਆਪਸੀ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਵਿਹਾਰਾਂ ਨੂੰ ਮਜ਼ਬੂਤ ਕਰਣ ਲਈ ਬੇਹੱਦ ਫਾਇਦੇਮੰਦ ਹੋਵੇਗਾ| ਉਪ ਵਿਦੇਸ਼ ਮੰਤਰੀ ਸਟੀਫਨ ਬੀਗਨ ਨੇ ਚੀਨ ਨੂੰ ਲੈ ਕੇ ਅਮਰੀਕੀ ਨੀਤੀ ਤੇ ਸੁਣਵਾਈ ਦੌਰਾਨ ਵਿਦੇਸ਼ੀ ਮਾਮਲਿਆਂ ਦੀ ਸੈਨੇਟ ਦੀ ਕਮੇਟੀ ਦੇ ਮੈਬਰਾਂ ਦੇ ਸਾਹਮਣੇ ਇਹ ਬਿਆਨ ਦਿੱਤਾ|
ਭਾਰਤ ਅਗਲੇ ਸਾਲਾਨਾ ਸਮੁੰਦਰੀ ਅਭਿਆਸ ਵਿੱਚ ਆਸਟ੍ਰੇਲੀਆ ਨੂੰ ਸੱਦਣ ਤੇ ਵਿਚਾਰ ਕਰ ਰਿਹਾ ਹੈ| ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਭਾਰਤ ਮਾਲਾਬਾਰ ਸਮੁੰਦਰੀ ਅਭਿਆਸ ਵਿੱਚ ਆਸਟ੍ਰੇਲੀਆ ਨੂੰ ਸੱਦਣ ਤੇ ਵਿਚਾਰ ਕਰ ਰਿਹਾ ਹੈ ਅਤੇ ਇਸ ਸੰਬੰਧ ਵਿੱਚ ਆਉਣ ਵਾਲੇ ਕੁੱਝ ਹਫ਼ਤਿਆਂ ਵਿੱਚ ਰਸਮੀ ਫੈਸਲਾ ਲਿਆ ਜਾਵੇਗਾ| ਪੂਰਬੀ ਲੱਦਾਖ ਵਿਚ ਚੀਨੀ ਅਤੇ ਭਾਰਤੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਦੇ ਬਾਅਦ ਭਾਰਤ ਨੇ ਆਸਟ੍ਰੇਲੀਆ ਨੂੰ ਮਾਲਾਬਾਰ ਸਮੁੰਦਰੀ ਅਭਿਆਸ ਵਿਚ ਸ਼ਾਮਲ ਕਰਣ ਲਈ ਇਛੁੱਕ ਹੋਣ ਦੇ ਸੰਕੇਤ ਦਿੱਤੇ ਹਨ| ਬੀਗਨ ਨੇ ਕਿਹਾ, ‘ਭਾਰਤ ਨੇ ਬਸ ਹਾਲ ਹੀ ਵਿੱਚ ਆਸਟ੍ਰੇਲੀਆ ਨੂੰ ਮਾਲਾਬਾਰ ਸਮੁੰਦਰੀ ਅਭਿਆਸ ਲਈ ਸੱਦਾ ਦਿੱਤਾ ਹੈ, ਜਿਸ ਨਾਲ ਕਵਾਡ ਦੇ ਚਾਰਾਂ ਮੈਬਰਾਂ ਨੂੰ ਇਕੱਠੇ ਫੌਜੀ ਅਭਿਆਸ ਕਰਣ ਦਾ ਮੌਕਾ ਮਿਲੇਗਾ, ਜੋ ਸਾਡੇ ਆਪਸੀ ਹਿੱਤਾਂ ਦੀ ਰੱਖਿਆ ਲਈ ਸਾਡੇ ਲਈ ਜ਼ਰੂਰੀ ਵਿਹਾਰਾਂ ਨੂੰ ਮਜ਼ਬੂਤ ਕਰਨ ਲਈ ਬੇਹੱਦ ਫਾਇਦੇਮੰਦ ਹੋਵੇਗਾ| ਕਵਾਡ ਵਿਚ ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ| ਇਸ ਸਾਲਾਨਾ ਸਮੁੰਦਰੀ ਅਭਿਆਸ ਵਿਚ ਹੁਣ ਤੱਕ ਭਾਰਤ, ਜਾਪਾਨ ਅਤੇ ਅਮਰੀਕਾ ਹੀ ਹਿੱਸਾ ਲੈਂਦੇ ਆਏ ਹਨ| ਅਮਰੀਕਾ ਅਤੇ ਭਾਰਤ ਨੇ 1992 ਵਿਚ ਹਿੰਦ ਮਹਾਸਾਗਰ ਵਿਚ ਦੋ-ਪੱਕੀ ਸਮੁੰਦਰੀ ਅਭਿਆਸ ਦੀ ਸ਼ੁਰੂਆਤ ਕੀਤੀ ਸੀ| ਜਾਪਾਨ 2015 ਵਿੱਚ ਇਸ ਅਭਿਆਸ ਦਾ ਸਥਾਈ ਮੈਂਬਰ ਬਣਿਆ |