ਵਾਸ਼ਿੰਗਟਨ, 25 ਜੁਲਾਈ – ਅਮਰੀਕਾ ਦੀ ਇੱਕ ਅਦਾਲਤ ਨੇ 2008 ਮੁੰਬਈ ਅੱਤਵਾਦੀ ਹਮਲਿਆਂ ਵਿਚ ਸ਼ਾਮਲ ਹੋਣ ਲਈ ਭਾਰਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ| ਡੈਵਿਡ ਕੋਲਮੈਨ ਹੇਡਲੀ ਦੇ ਬਚਪਨ ਦੇ ਦੋਸਤ ਰਾਣਾ (59) ਨੂੰ 2008 ਮੁੰਬਈ ਅੱਤਵਾਦੀ ਹਮਲਿਆਂ ਦੇ ਮਾਮਲੇ ਵਿਚ ਸ਼ਾਮਲ ਹੋਣ ਲਈ ਭਾਰਤ ਦੀ ਹਵਾਲਗੀ ਦੀ ਬੇਨਤੀ ਤੇ ਲਾਸ ਏਂਜਲਸ ਵਿੱਚ 10 ਜੂਨ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ| ਇਸ ਹਮਲੇ ਵਿਚ 6 ਅਮਰੀਕੀਆਂ ਸਮੇਤ 166 ਵਿਅਕਤੀ ਮਾਰੇ ਗਏ ਸਨ| ਭਾਰਤ ਵਿੱਚ ਉਹ ਭਗੌੜਾ ਅਪਰਾਧੀ ਘੋਸ਼ਿਤ ਹੈ|
ਲਾਸ ਏਂਜਲਸ ਵਿੱਚ ਅਮਰੀਕੀ ਡਿਸਟਰਿਕਟ ਕੋਰਟ ਦੀ ਜੱਜ ਜੈਕਲੀਨ ਚੂਲਜਿਆਨ ਨੇ 21 ਜੁਲਾਈ ਨੂੰ ਆਪਣੇ 24 ਪੰਨਿਆਂ ਦੇ ਹੁਕਮ ਵਿੱਚ ਰਾਣਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਦੇ ਫਰਾਰ ਹੋਣ ਦਾ ਖਤਰਾ ਹੈ| ਅਮਰੀਕਾ ਸਰਕਾਰ ਨੇ ਇਹ ਦਲੀਲ ਦਿੰਦੇ ਹੋਏ ਉਸ ਨੂੰ ਜ਼ਮਾਨਤ ਤੇ ਰਿਹਾਅ ਕਰਣ ਦਾ ਵਿਰੋਧ ਕੀਤਾ ਕਿ ਜੇਕਰ ਉਹ ਕੈਨੇਡਾ ਦੌੜ ਜਾਂਦਾ ਹੈ ਤਾਂ ਉਸ ਦੇ ਭਾਰਤ ਵਿੱਚ ਮੌਤ ਦੀ ਸਜ਼ਾ ਤੋਂ ਬਚਣ ਦਾ ਖਦਸ਼ਾ ਹੈ|
ਅਮਰੀਕਾ ਦੇ ਸਹਾਇਕ ਅਟਾਰਨੀ ਜਾਨ ਜੇ ਲੁਲੇਜਿਆਨ ਨੇ ਅਦਾਲਤ ਵਿੱਚ ਕਿਹਾ, ‘ਕਿਸੇ ਵੀ ਮੁਚੱਲਕੇ ਤੇ ਜ਼ਮਾਨਤ ਦੇਣ ਨਾਲ ਅਦਾਲਤ ਵਿੱਚ ਰਾਣਾ ਦੀ ਹਾਜ਼ਰੀ ਯਕੀਨੀ ਨਹੀਂ ਕੀਤੀ ਜਾ ਸਕੇਗੀ| ਉਸ ਨੂੰ ਜ਼ਮਾਨਤ ਦੇਣ ਨਾਲ ਅਮਰੀਕਾ ਨੂੰ ਆਪਣੇ ਵਿਦੇਸ਼ ਮਾਮਲਿਆਂ ਵਿੱਚ ਸ਼ਰਮਿੰਦਾ ਹੋਣਾ ਪੈ ਸਕਦਾ ਹੈ ਅਤੇ ਉਸ ਦੇ ਭਾਰਤ ਨਾਲ ਰਿਸ਼ਤੇ ਤਣਾਅਪੂਰਨ ਹੋ ਸਕਦੇ ਹਨ| ਉਥੇ ਹੀ ਰਾਣੇ ਦੇ ਵਕੀਲ ਨੇ ਕਿਹਾ ਕਿ 26/11 ਦੇ ਦੋਸ਼ੀ ਦੇ ਫਰਾਰ ਹੋਣ ਦਾ ਖ਼ਤਰਾ ਨਹੀਂ ਹੈ ਅਤੇ ਉਨ੍ਹਾਂ ਨੇ ਉਸ ਨੂੰ ਜ਼ਮਾਨਤ ਤੇ ਰਿਹਾਅ ਕਰਣ ਲਈ 15 ਲੱਖ ਡਾਲਰ ਦਾ ਮੁਚੱਲਕਾ ਭਰਨ ਦਾ ਪ੍ਰਸਤਾਵ ਰੱਖਿਆ| ਇਸ ਦੌਰਾਨ ਰਾਣਾ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਅਮਰੀਕਾ ਦਾ ਸਾਥੀ-ਦੋਸ਼ੀ ਹੇਡਲੀ ਨੂੰ ਭਾਰਤ ਹਵਾਲਗੀ ਨਾ ਕਰਣ ਦਾ ਫੈਸਲਾ ਅਨੁਚਿਤ ਹੈ ਅਤੇ ਇਹ ਉਸ ਦੀ ਹਵਾਲਗੀ ਤੇ ਰੋਕ ਲਗਾਉਂਦਾ ਹੈ|