ਲਖਨਊ, 25 ਜੁਲਾਈ – ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਕਰਨਲਗੰਜ ਖੇਤਰ ਤੋਂ ਅਗਵਾ 6 ਸਾਲ ਦੇ ਬੱਚੇ ਨੂੰ ਪੁਲੀਸ ਅਤੇ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਨੇ ਸਹੀ ਸਲਾਮਤ ਛੁਡਵਾ ਲਿਆ ਹੈ ਅਤੇ ਸਾਰੇ ਅਗਵਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਕਰਨਲਗੰਜ ਥਾਣਾ ਖੇਤਰ ਦੇ ਮੁਹੱਲਾ ਗਾੜੀ ਬਜ਼ਾਰ ਵਾਸੀ ਗੁਟਕਾ ਮਸਾਲਾ ਦੇ ਇਕ ਵੱਡੇ ਕਾਰੋਬਾਰੀ ਰਾਜੇਸ਼ ਕੁਮਾਰ ਗੁਪਤਾ ਦੇ 6 ਸਾਲਾ ਪੋਤੇ ਨੂੰ ਆਲਟੋ ਕਾਰ ਸਵਾਰ ਬਦਮਾਸ਼ਾਂ ਨੇ ਅਗਵਾ ਕਰ ਲਿਆ ਸੀ| ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਈ ਨੇ ਦੱਸਿਆ ਕਿ ਗੋਂਡਾ ਂਿਵੱਚ ਅਗਵਾ ਕੀਤਾ ਗਿਆ ਬੱਚਾ ਸਹੀ ਸਲਾਮਤ ਮਿਲ ਗਿਆ ਹੈ|
ਅਵਸਥੀ ਨੇ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ (ਲਾਅ ਐਂਡ ਆਰਡਰ) ਅਤੇ ਇੰਸਪੈਕਟਰ ਜਨਰਲ ਆਫ ਪੁਲੀਸ ਦੀ ਅਗਵਾਈ ਵਿੱਚ ਜਨਪਦ ਗੋਂਡਾ ਦੇ ਕਰਨਲਗੰਜ ਖੇਤਰ ਤੋਂ 6 ਸਾਲ ਦੇ ਬੱਚੇ ਨੂੰ ਅਗਵਾ ਕਰ ਕੇ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ| ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਵਾਲੇ ਗਿਰੋਹ ਦੇ ਸੂਰਜ ਪਾਂਡੇ, ਛਵੀ ਪਾਂਡੇ (ਪਤਨੀ ਸੂਰਜ ਪਾਂਡੇ), ਰਾਜ ਪਾਂਡੇ ਅਤੇ ਉਮੇਸ਼ ਯਾਦਵ ਅਤੇ ਦੀਪੂ ਕਸ਼ਯਪ ਨੂੰ ਗੋਂਡਾ ਪੁਲੀਸ ਅਤੇ ਐੱਸ. ਟੀ. ਐਫ. ਦੀ ਸਾਂਝੀ ਟੀਮ ਨੇ ਐਨਕਾਊਂਟਰ ਵਿੱਚ ਗ੍ਰਿਫਤਾਰ ਕੀਤਾ| ਇਸ ਸਫਲਤਾ ਲਈ ਪੁਲਸ ਅਤੇ ਐੱਸ. ਟੀ. ਐਫ. ਦੀ ਸਾਂਝੀ ਟੀਮ ਲਈ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ| ਉਹਨਾਂ ਅੱਗੇ ਦੱਸਿਆ ਕਿ ਬਦਮਾਸ਼ ਦੀਪੂ ਅਤੇ ਉਮੇਸ਼ ਐਨਕਾਊਂਟਰ ਵਿੱਚ ਜ਼ਖਮੀ ਹੋ ਗਏ, ਜਦਕਿ ਅਗਵਾ ਬੱਚਾ ਸਹੀ ਸਲਾਮਤ ਬਰਾਮਦ ਹੋ ਗਿਆ| ਅਗਵਾ ਦੌਰਾਨ ਇਸਤੇਮਾਲ ਆਲਟੋ ਕਾਰ, 32 ਬੋਰ ਦੀ ਇਕ ਪਿਸਤੌਲ ਅਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ| ਜ਼ਿਕਰਯੋਗ ਹੈ ਕਿ ਅਗਵਾਕਾਰਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਫੋਨ ਤੇ ਪਰਿਵਾਰ ਤੋਂ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ| ਪੁਲੀਸ ਨੇ ਦੱਸਿਆ ਕਿ ਉਹ ਰਾਜੇਸ਼ ਗੁਪਤਾ ਨੇ 6 ਸਾਲਾ ਪੋਤੇ ਨੂੰ ਖੜ੍ਹੀ ਗੱਡੀ ਤੋਂ ਸੈਨੇਟਾਈਜ਼ਰ ਦੇਣ ਦੇ ਬਹਾਨੇ ਆਪਣੇ ਨਾਲ ਲੈ ਗਏ ਅਤੇ ਬਾਅਦ ਵਿੱਚ ਬੱਚੇ ਨੂੰ ਲੈ ਕੇ ਫਰਾਰ ਹੋ ਗਏ| ਥੋੜ੍ਹੀ ਦੇਰ ਬਾਅਦ ਇਕ ਮਹਿਲਾ ਦੀ ਆਵਾਜ਼ ਵਿਚ ਫੋਨ ਕਰ ਕੇ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ|