ਨਿਊਯਾਰਕ , 1 ਮਈ 2024 : ਕੋਲੰਬੀਆ ਯੂਨੀਵਰਸਿਟੀ ਦੇ ਹੈਮਿਲਟਨ ਹਾਲ ‘ਤੇ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਬਜ਼ਾ ਕਰ ਲਿਆ ਸੀ। ਕੈਂਪਸ ਵਿੱਚ ਹੀ ਰੋਸ ਪ੍ਰਦਰਸ਼ਨ ਕਰ ਰਹੇ ਸਨ। NYPD ਨੇ ਕਿਹਾ ਕਿ ਉਸਨੇ ਹੈਮਿਲਟਨ ਹਾਲ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਟੈਂਟ ਸਿਟੀ ਨੂੰ ਪ੍ਰਦਰਸ਼ਨਕਾਰੀਆਂ ਤੋਂ ਖਾਲੀ ਕਰਵਾ ਲਿਆ ਹੈ। ਕਰੀਬ 100 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ।
ਪੁਲਿਸ ਮੁਤਾਬਕ ਦਰਜਨਾਂ ਪ੍ਰਦਰਸ਼ਨਕਾਰੀਆਂ ਨੇ ਹੈਮਿਲਟਨ ਹਾਲ ਅਤੇ ਕੋਲੰਬੀਆ ਯੂਨੀਵਰਸਿਟੀ ਕੈਂਪਸ ‘ਤੇ ਕਬਜ਼ਾ ਕਰ ਲਿਆ ਸੀ । ਨਿਊਯਾਰਕ ਪੁਲਿਸ ਨੇ ਹੌਲੀ-ਹੌਲੀ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਧੱਕ ਦਿੱਤਾ ਅਤੇ ਕੋਲੰਬੀਆ ਯੂਨੀਵਰਸਿਟੀ ਅਤੇ ਹੈਮਿਲਟਨ ਹਾਲ ਨੂੰ ਖਾਲੀ ਕਰਵਾਇਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਥਾਣੇ ਲੈ ਗਈ। ਇਸ ਦੌਰਾਨ ਕੋਈ ਵੀ ਪ੍ਰਦਰਸ਼ਨਕਾਰੀ ਜ਼ਖਮੀ ਨਹੀਂ ਹੋਇਆ।
ਕੋਲੰਬੀਆ ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪ੍ਰਦਰਸ਼ਨ ਕਰਨ ਵਾਲੇ ਅਤੇ ਹੈਮਿਲਟਨ ਬਿਲਡਿੰਗ ਹਾਲ ‘ਤੇ ਕਬਜ਼ਾ ਕਰਨ ਵਾਲੇ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਦਾ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਹੈ। ਰਾਤ ਨੂੰ ਜਦੋਂ ਸਾਨੂੰ ਹੈਮਿਲਟਨ ਬਿਲਡਿੰਗ ‘ਤੇ ਕਬਜ਼ੇ ਅਤੇ ਭੰਨਤੋੜ ਦੀ ਸ਼ਿਕਾਇਤ ਮਿਲੀ ਤਾਂ ਸਾਨੂੰ ਪੁਲਿਸ ਦੀ ਮਦਦ ਲੈਣੀ ਪਈ। ਸਾਡੇ ਸੁਰੱਖਿਆ ਗਾਰਡਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਸੇਵਾ ਕਰਮਚਾਰੀਆਂ ਨੂੰ ਵੀ ਕੱਢ ਦਿੱਤਾ ਗਿਆ।
ਨਿਊਯਾਰਕ ਪੁਲਿਸ ਨੇ ਬੜੀ ਮੁਸ਼ਕਲ ਨਾਲ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢਿਆ। ਹੈਮਿਲਟਨ ਬਿਲਡਿੰਗ ਦੀ ਦੂਜੀ ਮੰਜ਼ਿਲ ‘ਤੇ ਚੜ੍ਹਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। NYPD ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਕਾਰਵਾਈ ਕੀਤੀ ਹੈ।