ਪਿਥੌਰਾਗੜ੍ਹ, -ਅਕਤੂਬਰ – ਉਤਰਾਖੰਡ ਦੀ ਪਿਥੌਰਾਗੜ੍ਹ ਦੀ ਧਾਰਚੂਲਾ ਤਹਿਸੀਲ ਦੇ ਲਖਨਪੁਰ ਇਲਾਕੇ ਦੇ ਪਾਂਗਲਾ ਵਿੱਚ ਆਦਿ ਕੈਲਾਸ਼ ਦੇ ਦਰਸ਼ਨ ਕਰ ਕੇ ਵਾਪਸ ਆ ਰਹੀ ਟੈਕਸੀ ਡੂੰਘੀ ਖੱਡ ਵਿੱਚ ਜਾ ਡਿੱਗੀ। ਟੈਕਸੀ ਵਿੱਚ ਡਰਾਈਵਰ ਸਮੇਤ 6 ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ ਹੈ। ਉੱਤਰਾਖੰਡ ਪੁਲੀਸ ਅਤੇ ਐਨਡੀਆਰਐਫ ਦੀ ਟੀਮ ਦੇਰ ਰਾਤ ਤੱਕ ਟੈਕਸੀ ਸਵਾਰ ਯਾਤਰੀਆਂ ਦੀ ਸੰਘਣੇ ਜੰਗਲਾਂ ਵਿੱਚ ਭਾਲ ਕਰਦੀ ਰਹੀ ਪਰ ਬੇਹੱਦ ਡੂੰਘੀ ਖੱਡ ਵਿਚ ਦੇਰ ਰਾਤ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ।
ਜਾਣਕਾਰੀ ਮਿਲੀ ਹੈ ਕਿ ਹਾਦਸਾਗ੍ਰਸਤ ਟੈਕਸੀ ਵਿਚ ਸਵਾਰ ਸ਼ਰਧਾਲੂ ਬੈਂਗਲੁਰੂ ਦੇ ਰਹਿਣ ਵਾਲੇ ਸਨ। ਟੈਕਸੀ ਵਿਚ ਸਵਾਰ 5 ਸ਼ਰਧਾਲੂ ਆਦਿ ਕੈਲਾਸ਼ ਦੇ ਦਰਸ਼ਨਾਂ ਲਈ ਉੱਤਰਾਖੰਡ ਆਏ ਸਨ। ਉਹ ਲੋਕ ਮੰਗਲਵਾਰ ਨੂੰ ਦਰਸ਼ਨ ਕਰਨ ਮਗਰੋਂ ਇਕ ਟੈਕਸੀ ਵਿਚ ਗੁੰਜੀ ਤੋਂ ਵਾਪਸ ਧਾਰਚੂਲਾ ਪਰਤ ਰਹੇ ਸਨ। ਧਾਰਚੂਲਾ ਕਸਬੇ ਤੋਂ ਕਰੀਬ 23 ਕਿਲੋਮੀਟਰ ਪਹਿਲਾਂ ਪਾਂਗਲਾ ਤੰਪਾ ਮੰਦਰ ਕੋਲ ਅਚਾਨਕ ਟੈਕਸੀ 500 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ।
ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਟੈਕਸੀ ਦੇ ਠੀਕ ਪਿੱਛੇ ਇਕ ਹੋਰ ਗੱਡੀ ਚੱਲ ਰਹੀ ਸੀ। ਉਨ੍ਹਾਂ ਨੇ ਟੈਕਸੀ ਨੂੰ ਕੰਟਰੋਲ ਗੁਆ ਕੇ ਖੱਡ ਵਿੱਚ ਡਿੱਗਦੇ ਹੋਏ ਵੇਖਿਆ। ਜਿਸ ਤੋਂ ਬਾਅਦ ਪੁਲੀਸ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਘਟਨਾ ਵਾਲੀ ਥਾਂ ਤੇ ਮੋਬਾਇਲ ਸਿਗਨਲ ਨਾ ਹੋਣ ਕਾਰਨ ਤੁਰੰਤ ਸੂਚਿਤ ਨਹੀਂ ਕਰ ਸਕੇ। ਯਾਤਰੀਆਂ ਨੇ ਧਾਰਚੂਲਾ ਪਹੁੰਚ ਕੇ ਹਾਦਸੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲੀਸ ਅਤੇ ਪ੍ਰਸ਼ਾਸਨ ਨਾਲ ਐਨਡੀਆਰਐਫ ਦੀ ਟੀਮ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਸਾਰੇ ਕੰਮ ਵਿਚ ਕਈ ਘੰਟੇ ਖਰਾਬ ਹੋ ਗਏ।