ਸਰੀ, 3 ਮਈ 2024- ਲੈਂਗੁਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਵੱਲੋਂ ਸਰੀ ਦੇ ਛੇ ਐਲੀਮੈਂਟਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਤੰਬਰ 2024 ਵਿੱਚ ਸ਼ੁਰੂ ਹੋਣ ਵਾਲੀਆਂ ਕਲਾਸਾਂ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਪੜ੍ਹਾਈ ਲਈ ਰਜਿਸਟਰ ਕੀਤਾ ਜਾਵੇ।
ਪਲੀਅ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਅਤੇ ਮੀਤ ਪ੍ਰਧਾਨ ਸਾਧੂ ਬਿਨਿੰਗ ਨੇ ਇਹ ਅਪੀਲ ਕਰਦਿਆਂ ਦੱਸਿਆ ਹੈ ਕਿ ਇਸ ਵੇਲੇ ਸਰੀ ਸਕੂਲ ਬੋਰਡ ਵੱਲੋਂ ਸਰੀ ਦੇ ਛੇ ਐਲੀਮੈਂਟਰੀ ਸਕੂਲਾਂ ਵਿੱਚ ਪੰਜਵੀਂ, ਛੇਵੀਂ ਅਤੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਚੋਣਵਾਂ ਵਿਸ਼ਾ ਪੰਜਾਬੀ ਰੱਖਣ ਦੀ ਪ੍ਰਵਾਨਗੀ ਮਿਲੀ ਹੋਈ ਹੈ। ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਮਾਪਿਆਂ ਨੂੰ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਪਲੀਅ ਆਗੂਆਂ ਨੇ ਕਿਹਾ ਹੈ ਕਿ ਸਤੰਬਰ ਵਿਚ ਦਾਖ਼ਲਾ ਲੈਣ ਸਮੇਂ ਇਨ੍ਹਾਂ ਕਲਾਸਾਂ ਵਿਚ ਆਪਣੇ ਬੱਚਿਆਂ ਨੂੰ ਪੰਜਾਬੀ ਲਈ ਰਜਿਸਟਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਐਲੀਮੈਟਰੀ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਦੀ ਪੜ੍ਹਾਈ ਲਈ ਰਜਿਸਟਰ ਕਰਵਾਉਣ ਦੀ ਮੰਨਜ਼ੂਰੀ ਹੈ ਉਹ ਸਕੂਲ ਹਨ -ਚਿਮਨੀ ਹਿਲ, ਟੀ.ਈ. ਸਕੌਟ, ਨਿਊਟਨ, ਸਟਰਾਬੇਰੀ ਹਿਲ, ਬੀਅਰ ਕਰੀਕ ਅਤੇ ਗਰੀਨ ਟਿੰਬਰਜ਼। ਇਸ ਸੰਬੰਧ ਵਿੱਚ ਹੋਰ ਜਾਣਕਾਰੀ ਲਈ ਬਲਵੰਤ ਸਿੰਘ ਸੰਘੇੜਾ ਨਾਲ ਫੋਨ ਨੰਬਰ 604 836 8976 ਜਾਂ ਸਾਧੂ ਬਿਨਿੰਗ ਨਾਲ 778 773 1886 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।