ਗਾਜ਼ੀਆਬਾਦ, 19 ਦਸੰਬਰ – ਮੋਦੀਨਗਰ ਦੇ ਭੋਜਪੁਰ ਥਾਣਾ ਖੇਤਰ ਦੇ ਫਲਾਜਗੜ੍ਹ ਪਿੰਡ ਵਿੱਚ ਪਤੀ ਧਰਮਵੀਰ ਨੇ ਅੱਜ ਸਵੇਰੇ ਆਪਣੀ ਪਤਨੀ ਸੁੰਦਰੀ ਦੀ ਤਲਵਾਰ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ। ਚਾਹ ਬਣਾਉਣ ਵਿੱਚ ਦੇਰੀ ਹੋਣ ਕਾਰਨ ਇਹ ਘਟਨਾ ਵਾਪਰੀ। ਸੁੰਦਰੀ ਦੀ ਚੀਕ ਸੁਣ ਕੇ ਬੱਚੇ ਮੌਕੇ ਤੇ ਪਹੁੰਚੇ ਤਾਂ ਧਰਮਵੀਰ ਨੇ ਉਨ੍ਹਾਂ ਤੇ ਵੀ ਹਮਲਾ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਮੌਕੇ ਤੋਂ ਕਤਲ ਵਿੱਚ ਵਰਤੀ ਗਈ ਤਲਵਾਰ ਬਰਾਮਦ ਕੀਤੀ ਗਈ ਹੈ।
ਮੁਲਜ਼ਮ ਸਬਜ਼ੀ ਵੇਚਦਾ ਸੀ। ਆਪਣੀ ਪਤਨੀ ਸੁੰਦਰੀ ਅਤੇ ਛੇ ਬੱਚਿਆਂ ਨਾਲ ਰਹਿੰਦਾ ਸੀ। ਅੱਜ ਸਵੇਰੇ ਸੁੰਦਰੀ ਚਾਹ ਬਣਾਉਣ ਲਈ ਛੱਤ ਤੇ ਚੁੱਲ੍ਹੇ ਕੋਲ ਬੈਠੀ ਸੀ। ਇਸੇ ਦੌਰਾਨ ਮੁਲਜ਼ਮ ਉਥੇ ਆ ਗਿਆ ਅਤੇ ਚਾਹ ਮੰਗਣ ਲੱਗਾ। ਚਾਹ ਬਣਾਉਣ ਵਿੱਚ ਦੇਰੀ ਹੋਣ ਤੇ ਦੋਵਾਂ ਵਿਚਾਲੇ ਬਹਿਸ ਹੋ ਗਈ। ਗੁੱਸੇ ਵਿੱਚ ਆ ਕੇ ਧਰਮਵੀਰ ਨੇ ਨੇੜੇ ਪਈ ਤਲਵਾਰ ਚੁੱਕ ਲਈ ਅਤੇ ਸੁੰਦਰੀ ਦੀ ਗਰਦਨ ਵੱਢ ਦਿੱਤੀ।
ਚੀਕਾਂ ਸੁਣ ਕੇ ਬੱਚੇ ਮੌਕੇ ਤੇ ਪਹੁੰਚੇ ਤਾਂ ਦੋਸ਼ੀ ਨੇ ਉਨ੍ਹਾਂ ਤੇ ਵੀ ਹਮਲਾ ਕਰ ਦਿੱਤਾ। ਜ਼ਿਆਦਾ ਖੂਨ ਵਹਿਣ ਕਾਰਨ ਸੁੰਦਰੀ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੇ ਏਸੀਪੀ ਪੁਲੀਸ ਫੋਰਸ ਸਮੇਤ ਮੌਕੇ ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁੱਤਰ ਕਾਲੂ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਲਿਆ ਗਿਆ ਹੈ।