ਐਸ ਏ ਐਸ ਨਗਰ, 25 ਅਕਤੂਬਰ – ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਪ੍ਰੀਤ ਸਿੰਘ ਡਡਵਾਲ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਤੋਂ ਮੰਗ ਕੀਤੀ ਹੈ ਕਿ ਗਮਾਡਾ ਦੇ ਸਿੰਗਲ ਵਿੰਡੋ ਸਿਸਟਮ ਵਾਸਤੇ ਲੋੜੀਂਦੇ ਕਰਮਚਾਰੀ ਤੈਨਾਤ ਕੀਤੇ ਜਾਣ। ਉਹਨਾਂ ਕਿਹਾ ਕਿ ਗਮਾਡਾ ਵਿੱਚ ਸਿੰਗਲ ਵਿੰਡੋ ਸਿਸਟਮ ਦੇ ਕਾਉਂਟਰ ਤੇ ਲੋੜੀਂਦੇ ਕਰਮਚਾਰੀ ਨਾ ਹੋਣ ਕਾਰਨ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਕਾਉਂਟਰ ਤੇ ਡ੍ਰਾਫਟ ਜਮ੍ਹਾਂ ਹੁੰਦੇ ਹਨ, ਵੱਖ ਵੱਖ ਫੀਸਾਂ ਜਮ੍ਹਾਂ ਹੁੰਦੀਆਂ ਹਨ, ਐਨ ਓ ਸੀ ਅਤੇ ਹੋਰ ਮੰਜੂਰੀਆਂ ਵਾਸਤੇ ਐਪਲੀਕੇਸ਼ਨ ਜਮ੍ਹਾਂ ਹੁੰਦੀ ਹੈ ਇਸ ਲਈ ਇੱਥੇ ਵੱਖ ਵੱਖ ਕੰਮਾਂ ਲਈ ਵੱਖ ਵੱਖ ਕਾਉਂਟਰਾਂ ਦੀ ਲੋੜ ਹੈ। ਇਸਦੇ ਹੀ ਇੱਥੇ ਇੱਕ ਫੋਟੋਸਟੇਟ ਮਸ਼ੀਨ ਵੀ ਹੋਣੀ ਚਾਹੀਦੀ ਹੈ ਤਾਂ ਜੋ ਕੰਮ ਕਰਵਾਉਣ ਵਾਲੇ ਵਿਅਕਤੀ ਲੋੜ ਪੈਣ ਤੇ ਕਿਸੇ ਵੀ ਕਾਗਜ ਦੀ ਫੋਟੋ ਕਾਪੀ ਸਕਣ।
ਸz. ਡਡਵਾਲ ਨੇ ਕਿਹਾ ਕਿ ਸਿੰਗਲ ਵਿੰਡੋ ਸਿਸਟਮ ਵਾਸਤੇ ਬਣੇ ਕਾਉਂਟਰ ਤੇ ਹਰ ਤਰ੍ਹਾਂ ਦੀਆਂ ਅਰਜੀਆਂ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਇਸ ਕਾਊਂਟਰ ਤੇ ਸਿਰਫ ਇੱਕ ਕਰਮਚਾਰੀ ਹੈ ਜਦੋਂਕਿ ਇੱਥੇ ਘੱਟੋ ਘੱਟ ਤਿੰਨ ਕਰਮਚਾਰੀਆਂ ਦੀ ਲੋੜ ਹੈ। ਉਹਨਾਂ ਕਿਹਾ ਕਿ ਕਰਮਚਾਰੀਆਂ ਦੀ ਘਾਟ ਕਾਰਨ ਜਿੱਥੇ ਇਸ ਕਾਉਂਟਰ ਤੇ ਲੰਬੀ ਲਾਈਨ ਲੱਗ ਜਾਂਦੀ ਹੈ ਉੱਥੇ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ (ਖਾਸ ਕਰਕੇ ਸੀਨੀਅਰ ਸਿਟੀਜਨਾਂ) ਨੂੰ ਬੁਰੀ ਤਰ੍ਹਾਂ ਖੱਜਲ ਖੁਆਰ ਹੋਣਾ ਪੈਂਦਾ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦੇ ਹਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ।