ਇੰਫਾਲ, 28 ਸਤੰਬਰ – ਮਨੀਪੁਰ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਨੂੰ ਲੈ ਕੇ ਅੱਜ ਸਵੇਰੇ ਵੀ ਹਿੰਸਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਇੰਫਾਲ ਵੈਸਟ ਵਿੱਚ ਹਿੰਸਕ ਭੀੜ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਭੰਨ-ਤੋੜ ਕੀਤੀ ਅਤੇ ਦੋ ਵਾਹਨਾਂ ਵਿੱਚ ਅੱਗ ਲਾ ਦਿੱਤੀ। ਦਰਅਸਲ ਮਨੀਪੁਰ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਿੱਚ ਇਹ ਹਿੰਸਾ ਮੰਗਲਵਾਰ ਨੂੰ ਉਦੋਂ ਸ਼ੁਰੂ ਹੋਈ, ਜਦੋਂ ਜੁਲਾਈ ਵਿੱਚ ਲਾਪਤਾ ਹੋਏ ਇਕ ਮੁੰਡੇ ਅਤੇ ਕੁੜੀ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ।
ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਰਾਤ ਉਰੀਪੋਕ, ਯੈਸਕੁਲ, ਸਗੋਲਬੰਦ ਅਤੇ ਟੇਕਾ ਇਲਾਕਿਆਂ ਵਿੱਚ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਦਸਤਿਆਂ ਨਾਲ ਝੜਪ ਹੋਈ, ਜਿਸ ਕਾਰਨ ਸੁਰੱਖਿਆ ਦਸਤਿਆਂ ਨੂੰ ਸਥਿਤੀ ਤੇ ਕਾਬੂ ਪਾਉਣ ਲਈ ਹੰਝੂ ਗੈਸ ਦੇ ਕਈ ਗੋਲੇ ਛੱਡਣੇ ਪਏ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਦਸਤਿਆਂ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਐਂਟਰ ਕਰਨ ਤੋਂ ਰੋਕਣ ਲਈ ਟਾਇਰ ਸਾੜ ਕੇ ਸੜਕਾਂ ਨੂੰ ਠੱਪ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਭੀੜ ਨੇ ਡੀ. ਸੀ. ਦਫ਼ਤਰ ਵਿਚ ਭੰਨ-ਤੋੜ ਕੀਤੀ ਅਤੇ ਦੋ ਚਾਰ ਪਹੀਆ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ।
ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਜਵਾਨਾਂ ਨੇ ਸਥਿਤੀ ਨੂੰ ਕਾਬੂ ਕੀਤਾ। ਇੰਫਾਲ ਈਸਟ ਅਤੇ ਇੰਫਾਲ ਵੈਸਟ ਜ਼ਿਲ੍ਹਿਆਂ ਵਿੱਚ ਸੁਰੱਖਿਆ ਦਸਤਿਆਂ ਦੇ ਹਿੰਸਕ ਪ੍ਰਦਰਸ਼ਨਾਂ ਨਾਲ ਨਜਿੱਠਣ ਦਰਮਿਆਨ ਕਰਫਿਊ ਫਿਰ ਤੋਂ ਲਾ ਦਿੱਤਾ ਗਿਆ। ਮਨੀਪੁਰ ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਭੀੜ ਨੇ ਇਕ ਪੁਲੀਸ ਵਾਹਨ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਵਿੱਚ ਅੱਗ ਲਾ ਦਿੱਤੀ, ਜਦਕਿ ਇਕ ਪੁਲੀਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਹਥਿਆਰ ਖੋਹ ਲਿਆ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਨੀਪੁਰ ਦੇ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕਮਿਸ਼ਨ ਨੇ ਸੁਰੱਖਿਆ ਦਸਤਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸ਼ੋਰਾਂ ਤੇ ਮਨਮਾਨੇ ਢੰਗ ਨਾਲ ਲਾਠੀਚਾਰਜ, ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਨਾ ਚਲਾਉਣ।