ਕੈਲਗਰੀ, 25 ਅਗਸਤ 2021 : ਦੇਸ਼ ਵਿੱਚ ਚੱਲ ਰਹੇ ਚੋਣ ਪ੍ਰਚਾਰ ਦੇ ਦੂਜੇ ਹਫ਼ਤੇ ਦੇ ਸ਼ੁਰੂ ਵਿੱਚ ਸਾਰੀਆਂ ਪ੍ਰਮੁਖ ਰਾਜਨੀਤਕ ਧਿਰਾਂ ਵਿੱਚ ਹੈਲਥ ਕੇਅਰ ਦਾ ਮੁੱਦਾ ਭਾਰੂ ਬਣਿਆ ਰਿਹਾ। ਲਿਬਰਲ ਪਾਰਟੀ ਨੇ ਐਲਾਨ ਕੀਤਾ ਕਿ ਜੇ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਦੇਸ਼ ਭਰ ਵਿੱਚ ਵਧੇਰੇ ਫੈਮਲੀ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਲਿਬਰਲਜ਼ ਨੇ ਖੁਦ ਨੂੰ ਦੇਸ਼ ਦੇ ਯੁਨਿਵਰਸਲ ਹੈਲਥ ਕੇਅਰ ਦਾ ਭਰੋਸੇਯੋਗ ਗਾਰਡੀਅਨ ਹੋਣ ਦਾ ਦਾਵਾ ਕੀਤਾ ਤੇ ਐਨਡੀਪੀ ਨੇ ਵਾਤਾਵਰਣ ਨੂੰ ਬਚਾਉਣ ਵਾਸਤੇ ਖੁਦ ਨੂੰ ਮੋਢੀ ਦੱਸਿਆ ਹੈ। ਜਿਥੇ ਦੋਵੇਂ ਲਿਬਰਲਜ਼ ਅਤੇ ਐਨਡੀਪੀ ਨੇ ਆਪਣੇ ਪੁਰਾਣੇ ਗੜ੍ਹ ਬਚਾਉਣ ਲਈ ਟਿੱਲ ਲਗਾਇਆ ਹੋਇਆ ਹੈ ਉਥੇ ਕੰਜ਼ਰਵੇਟਿਵਜ਼ ਨੇ ਅਣਕਿਆਸਿਆ ਮੋੜ ਕੱਟਦਿਆਂ ਔਸਤ ਵਰਕਰਜ਼ ਵਾਸਤੇ ਕਾਫੀ ਖੁਲ੍ਹਾਂ ਅਤੇ ਢਿੱਲਾਂ ਦੇਣ ਦੇ ਨਾਲ ਨਾਲ ਆਰਥਕ ਮਦਦ ਦਾ ਵਾਅਦਾ ਕੀਤਾ ਹੈ।
ਟਵਿਟਰ ਨਾਲ ਕੰਜ਼ਰਵੇਟਿਵ ਦਾ ਪਿਆ ਪੰਗਾ
ਕੰਜ਼ਰਵੇਟਿਵ ਪਾਰਟੀ ਨੇ ਆਪਣੇ ਲੀਡਰ ਐਰਿਨ ਓ’ਟੂਲ ਦੇ ਇਕ ਪੁਰਾਣੇ ਵੀਡੀਓ ਕਲਿਪ ਨੂੰ ਤੋੜ ਮਰੋੜ ਕੇ ਪੇਸ਼ ਕਰਨ ਸੰਬੰਧੀ ਟਵਿਟਰ ‘ਤੇ ਪਾਈ ਪੋਸਟ ਨੂੰ ਮੁੱਦਾ ਬਣਾਇਆ ਤੇ ਇਲੇਕਸ਼ਨ ਕੈਨੇਡਾ ਨੂੰ ਇਸ ਦੀ ਜਾਂਚ ਕਰਨ ਨੂੰ ਕਿਹਾ ਤੇ ਇਸ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ ਕੀਤੀ। ਟਵਿਟਰ ਦਾ ਕਹਿਣਾ ਹੈ ਕਿ ਕ੍ਰਿਸਟੀਆ ਫ੍ਰੀਲੈਂਡ ਨੇ ਜਨਤਾ ਨੂੰ ਗੁਮਰਾਹ ਕੀਤਾ ਹੈ।
ਤੇਲ-ਗੈਸ ਕੰਪਨੀਆਂ ਦੀ ਸਬਸਿਡੀ ਹੋਵੇਗੀ ਬੰਦ : ਜਗਮੀਤ ਸਿੰਘ
ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਜੇ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਔਇਲ ਐਂਡ ਗੈਸ ਕੰਪਨੀਆਂ ਨੂੰ ਦਿੱਤੀ ਜਾਂਦੀ ਸਬਸਿਡੀ ਬੰਦ ਕਰਨਗੇ ਤੇ ਇਸ ਦੀ ਥਾਂ ਇਹ ਰਕਮ ਰੀ-ਨਿਉਏਬਲ ਐਨਰਜੀ ਪ੍ਰੋਜੈਕਟਸ ਵੱਲ ਭੇਜੀ ਜਾਵੇਗੀ।
ਘਰਾਂ ਦੀਆਂ ਕੀਮਤ ਕੰਟਰੋਲ ਕਰਨ ਲਈ ਸਰਕਾਰ ਦਖ਼ਲ ਦੇਵੇਗੀ : ਟਰੂਡੋ
ਹੈਮਿਲਟਨ ਵਿਚ ਆਪਣੀ ਚੋਣ ਮੁਹਿੰਮ ਦੌਰਾਨ ਬੋਲਦਿਆਂ ਟਰੂਡੋ ਨੇ ਕਿਹਾ ਕਿ ਕੋਵਿਡ ਕਰਕੇ ਰੀਅਲ ਅਸਟੇਟ ਮਾਰਕਿਟ ਵਿਚ ਕਾਫ਼ੀ ਅਸਥਿਤਰਤਾ ਪੈਦਾ ਹੋ ਗਈ ਹੈ ਅਤੇ ਘਰਾਂ ਦੀਆਂ ਕੀਮਤਾਂ ਵਿਚ ਬਿਡਿੰਗ (ਬੋਲੀ) ਅਤੇ ਭਵਿੱਖ ਵਿਚ ਕੀਮਤਾਂ ਵਧਣ ਦੇ ਅੰਦਾਜ਼ਿਆ-ਅਨੁਮਾਨਾਂ ਦੀ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਿਚ ਕਾਫ਼ੀ ਅਨਿਸ਼ਚਿਤਤਾ ਆ ਗਈ ਹੈ। ਉਹਨਾਂ ਕਿਹਾ ਕਿ ਕੀਮਤਾਂ ਨੂੰ ਠੀਕ ਪੱਧਰ ‘ਤੇ ਲਿਆਉਣ ਲਈ ਹੁਣ ਸਰਕਾਰ ਦੇ ਦਖ਼ਲ ਦੀ ਜ਼ਰੂਰਤ ਹੈ।
ਅੱਜ ਜਾਰੀ ਕੀਤੇ ਨਵੇਂ ਹਾਉਸਿੰਗ ਪਲੈਨ ਵਿਚ ਲਿਬਰਲਾਂ ਵੱਲੋਂ ਕਈ ਬਿਲੀਅਨ ਡਾਲਰਾਂ ਦੀ ਫ਼ੰਡਿੰਗ, ਫ਼ਲਿਪਿੰਗ ਤੇ ਅਸਥਾਈ ਪਾਬੰਦੀ, ਵਿਦੇਸ਼ੀ ਨਾਗਰਿਕਾਂ ਦੇ ਘਰ ਖ਼ਰੀਦਣ ਤੇ 2 ਸਾਲ ਦੀ ਰੋਕ, ਸ਼ੋਸ਼ਣ ਕਰਨ ਵਾਲੇ ਰੀਅਲ ਅਸਟੇਟ ਏਜੰਟਾਂ ਨੂੰ ਨੱਥ ਪਾਉਣ ਸਣੇ ਕਈ ਹੋਰ ਉਪਾਅ ਸ਼ਾਮਲ ਕੀਤੇ ਗਏ ਹਨ।
ਨਸ਼ਿਆਂ ਦੇ ਛੁਟਕਾਰੇ ਲਈ ਮੈਡੀਕਲ ਰਾਹ ਬਿਹਤਰ : ੳ’ਟੂਲ
ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ ਨੇ ਮੁਲਕ ਵਿਚ ਨਸ਼ਿਆਂ ਦੀ ਲਤ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕ ਤਰਸਵਾਨ ਰੁਖ਼ ਇਖ਼ਤਿਆਰ ਕੀਤਾ ਹੈ।ਪਾਰਟੀ ਵੱਲੋਂ ਜਾਰੀ ਇਲੈਕਸ਼ਨ ਪਲੈਟਫ਼ੌਰਮ ਵਿਚ ਨਸ਼ਿਆਂ ਦੀ ਝੱਸ ਦੇ ਮਸਲੇ ਨਾਲ ਨਜਿੱਠਣ ਲਈ ਅਗਲੇ ਤਿੰਨ ਸਾਲਾਂ ਵਿਚ 325 ਮਿਲੀਅਨ ਡਾਲਰ ਖ਼ਰਚ ਕੀਤੇ ਜਾਣ ਦੀ ਯੋਜਨਾ ਉਲੀਕੀ ਗਈ ਹੈ। ਇਸ ਅਧੀਨ 1000 ਨਵੇਂ ਟ੍ਰੀਟਮੈਂਟ ਬੈੱਡ ਅਤੇ 50 ਨਵੇਂ ਰਿਕਵਰੀ ਸੈਂਟਰ ਸਥਾਪਿਤ ਕਰਨ ਦਾ ਪਲੈਨ ਹੈ। ਇਸ ਤੋਂ ਇਲਾਵਾ ਮੂਲਨਿਵਾਸੀ ਲੋਕਾਂ ਵਿਚ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਬਾਬਤ ਅਗਲੇ ਪੰਜ ਸਾਲਾਂ ਦੌਰਾਨ 1 ਬਿਲੀਅਨ ਡਾਲਰ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ। ਇਸ ਅਧੀਨ ਮੂਲਨਿਵਾਸੀ ਲੋਕਾਂ ਦੇ ਸੱਭਿਆਚਾਰਾਂ ਅਤੇ ਰਿਵਾਇਤਾਂ ਦੇ ਅਨੁਕੂਲ ਹੀ ਉਹਨਾਂ ਨੂੰ ਸੁਚੱਜਿਆਂ ਇਲਾਜ ਅਤੇ ਨਸ਼ਾ ਮੁਕਤੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ੳ’ਟੂਲ ਨੇ ਕਿਹਾ, “ਮੈਂਨੂੰ ਨਹੀਂ ਲਗਦਾ ਕਿ ਨਸ਼ਿਆਂ ਦੀ ਆਦਤ ਵਿਚ ਘਿਰੇ ਸ਼ਖ਼ਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਨੂੰ ਲੱਗਦਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ”।