ਨਵੀਂ ਦਿੱਲੀ, 28 ਸਤੰਬਰ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਇਕ ਕੁੜੀ ਨਾਲ ਜਬਰ ਜ਼ਿਨਾਹ ਦੀ ਘਟਨਾ ਨੂੰ ਲੈ ਕੇ ਅੱਜ ਰਾਜ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਭਾਜਪਾ ਦੇ 20 ਸਾਲ ਦੇ ਕੁਸ਼ਾਸਨ ਵਿੱਚ ਬੱਚੀਆਂ, ਔਰਤਾਂ, ਆਦਿਵਾਸੀ, ਦਲਿਤ ਕੋਈ ਸੁਰੱਖਿਅਤ ਨਹੀਂ ਹੈ। ਉਜੈਨ ਸ਼ਹਿਰ ਵਿੱਚ 12 ਸਾਲਾ ਇਕ ਕੁੜੀ ਸੋਮਵਾਰ ਨੂੰ ਸੜਕ ਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ ਅਤੇ ਮੈਡੀਕਲ ਜਾਂਚ ਵਿੱਚ ਉਸ ਨਾਲ ਜਬਰ ਜ਼ਿਨਾਹ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।
ਪ੍ਰਿਯੰਕਾ ਨੇ ਐਕਸ ਤੇ ਪੋਸਟ ਕੀਤਾ ਕਿ ਭਗਵਾਨ ਮਹਾਕਾਲ ਦੀ ਨਗਰੀ ਉਜੈਨ ਵਿੱਚ ਇਕ ਛੋਟੀ ਬੱਚੀ ਨਾਲ ਬੇਰਹਿਮੀ ਆਤਮਾ ਨੂੰ ਝੰਜੋੜ ਦੇਣ ਵਾਲੀ ਹੈ। ਅੱਤਿਆਚਾਰ ਤੋਂ ਬਾਅਦ ਉਹ ਢਾਈ ਘੰਟੇ ਦਰ-ਦਰ ਮਦਦ ਲਈ ਭਟਕਦੀ ਰਹੀ ਅਤੇ ਫਿਰ ਬੇਹੋਸ਼ ਹੋ ਕੇ ਸੜਕ ਤੇ ਡਿੱਗ ਗਈ ਪਰ ਮਦਦ ਨਹੀਂ ਮਿਲ ਸਕੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਹੈ ਮੱਧ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਅਤੇ ਮਹਿਲਾ ਸੁਰੱਖਿਆ? ਭਾਜਪਾ ਦੇ 20 ਸਾਲ ਦੇ ਕੁਸ਼ਾਸਨ ਤੰਤਰ ਵਿੱਚ ਬੱਚੀਆਂ, ਔਰਤਾਂ, ਆਦਿਵਾਸੀ, ਦਲਿਤ ਕੋਈ ਸੁਰੱਖਿਅਤ ਨਹੀਂ ਹੈ। ਪ੍ਰਿਯੰਕਾ ਨੇ ਪ੍ਰਸ਼ਨ ਕੀਤਾ ਕਿ ਲਾਡਲੀ ਭੈਣ ਦੇ ਨਾਮ ਤੇ ਚੋਣ ਐਲਾਨ ਕਰਨ ਦਾ ਕੀ ਫ਼ਾਇਦਾ ਹੈ ਪਰ ਬੱਚੀਆਂ ਨੂੰ ਸੁਰੱਖਿਆ ਅਤੇ ਮਦਦ ਤੱਕ ਨਹੀਂ ਮਿਲ ਸਕਦੀ? ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਉਜੈਨ ਦੀ ਘਟਨਾ ਨੂੰ ਲੈ ਕੇ ਬੀਤੇ ਦਿਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਨਿਸ਼ਾਨਾ ਵਿੰਨ੍ਹਿਆ ਸੀ ਅਤੇ ਦੋਸ਼ ਲਗਾਇਆ ਸੀ ਕਿ ਰਾਜ ਵਿੱਚ ਬੇਟੀਆਂ ਨਾਲ ਜਬਰ ਜ਼ਿਨਾਹ ਲਈ ਸਿਰਫ਼ ਅਪਰਾਧੀ ਨਹੀਂ, ਸਗੋਂ ਪ੍ਰਦੇਸ਼ ਦੀ ਭਾਜਪਾ ਸਰਕਾਰ ਵੀ ਗੁਨਾਹਗਾਰ ਹੈ।