ਬਠਿੰਡਾ, 13 ਸਤੰਬਰ 2023: ਬਠਿੰਡਾ ਪੁਲਿਸ ਦੇ ਸੀਆਈਏ ਸਟਾਫ਼ ਵਨ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਥਾਣਾ ਨਥਾਣਾ ਦੇ ਇਲਾਕੇ ਵਿੱਚੋਂ ਇੱਕ ਕੈਂਟਰ ਅਤੇ ਦੋ ਕਾਰਾਂ ਵਿੱਚੋਂ 3 ਕੁਇੰਟਲ 20 ਕਿਲੋ ਭੁੱਕੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਨੁਸਾਰ ਇਹ ਭੁੱਕੀ ਰਾਜਸਥਾਨ ਚੋਂ ਪੰਜਾਬ ਵਿੱਚ ਵੇਚਣ ਲਈ ਲਿਆਂਦੀ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਨਸ਼ਾ ਤਸਕਰ ਪੁਲਿਸ ਦੇ ਹੱਥ ਚੜ੍ਹ ਗਏ। ਬਠਿੰਡਾ ਪੁਲਿਸ ਵੱਲੋਂ ਨਸ਼ੇ ਦੀ ਇਸ ਬਰਾਮਦਗੀ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਥਾਣਾ ਨਥਾਣਾ ਵਿਖੇ ਸਬ ਇੰਸਪੈਕਟਰ ਹਰਜੀਵਨ ਸਿੰਘ ਦੇ ਬਿਆਨਾਂ ਤੇ ਧਾਰਾ 15ਸੀ, 61,85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਪ੍ਰੈਸ਼ ਨੋਟ ਜਾਰੀ ਕਰਕੇ ਦਿੱਤੀ ਜਾਣਕਾਰੀ ਮੁਤਾਬਕ ਥਾਣਾ ਵਿਖੇ ਦਰਜ਼ ਮੁਕੱਦਮੇ ਵਿੱਚ ਬਲਜੀਤ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭਦੌੜ, ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟੜਾ ਕੌੜਾ, ਗੁਰਜੀਤ ਸਿੰਘ ਪੁੱਤਰ ਰਾਮ ਦਿਆਲ ਵਾਸੀ ਚਾਉਕੇ ਅਤੇ ਸੁਰਿੰਦਰ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਫਰੀਦਕੋਟ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਪੁਲਿਸ ਨੇ ਬਰਾਮਦ ਕੀਤੀ ਭੁੱਕੀ, ਕੈਂਟਰ ਅਤੇ ਦੋ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਹਨ। ਹਾਲਾਂਕਿ ਪੜਤਾਲ ਪ੍ਰਭਾਵਿਤ ਹੋਣ ਦੇ ਡਰੋਂ ਪੁਲਿਸ ਅਧਿਕਾਰੀ ਬਹੁਤਾ ਕੁਝ ਬੋਲਣ ਨੂੰ ਨਹੀਂ ਤਿਆਰ ਹੋਏ ਪਰ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਨਸ਼ਿਆਂ ਦੀ ਤਸਕਰੀ ਵਿੱਚ ਜੁਟੇ ਮੁਲਾਜਮਾਂ ਵੱਲੋਂ ਇਸ ਕੈਂਟਰ ਨੂੰ ਕੋਰੀਅਰ ਵਜੋਂ ਡਿਲੀਵਰੀ ਦੇਣ ਲਈ ਵਰਤਿਆ ਜਾਂਦਾ ਹੈ।
ਪੁਲਿਸ ਨੂੰ ਅੰਦੇਸ਼ਾ ਹੈ ਕਿ ਇਹ ਭੁੱਕੀ ਵੀ ਕੋਰੀਅਰ ਦੇ ਤੌਰ ਤੇ ਹੀ ਰਾਜਸਥਾਨ ਤੋਂ ਮੰਗਵਾਈ ਗਈ ਸੀ। ਪੁਲਿਸ ਵੱਲੋਂ ਬਰਾਮਦ ਕੀਤੀ ਗਈ ਭੁੱਕੀ ਦੀ ਅੱਗੇ ਦਿੱਤੀ ਜਾ ਰਹੀ ਸੀ ਪਰ ਪੁਲਿਸ ਨੂੰ ਸੂਹ ਲੱਗ ਗਈ । ਪਤਾ ਲੱਗਿਆ ਹੈ ਕਿ ਇਹ ਭੁੱਕੀ ਫਾਰਚੂਨਰ ਤੇ ਸਵਿਫਟ ਕਾਰ ਵਿੱਚ ਰੱਖੀ ਜਾ ਰਹੀ ਸੀ ਤਾਂ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਸੀ ਆਈ ਏ ਸਟਾਫ ਵਨ ਦੀ ਪੁਲਿਸ ਪਾਰਟੀ ਨੇ ਛਾਪਾ ਮਾਰ ਲਿਆ। ਪੁਲਿਸ ਨੇ ਇਸ ਛਾਪੇਮਾਰੀ ਦੌਰਾਨ 3 ਕੁਇੰਟਲ ਵੀਹ ਕਿਲੋ ਭੁੱਕੀ ਸਮੇਤ ਬਲਜੀਤ ਕੁਮਾਰ ਵਾਸੀ ਭਦੌੜ, ਮਨਪ੍ਰੀਤ ਸਿੰਘ ਵਾਸੀ ਕੋਟੜਾ ਕੌੜਾ, ਗੁਰਜੀਤ ਸਿੰਘ ਵਾਸੀ ਚਾਉਕੇ ਨੂੰ ਗਿਰਫ਼ਤਾਰ ਕਰ ਲਿਆ ਹੈ ਜਦੋਂ ਕਿ ਕੈਂਟਰ ਡਰਾਈਵਰ ਸੁਰਿੰਦਰ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਫਰੀਦਕੋਟ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ ਹੈ ਜਿਸ ਨੂੰ ਇਸ ਸਾਰੇ ਮਾਮਲੇ ਦਾ ਕਿੰਗਪਿੰਨ ਮੰਨਿਆ ਜਾ ਰਿਹਾ ਹੈ।