ਨਵੀਂ ਦਿੱਲੀ, 8 ਨਵੰਬਰ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਟਬੰਦੀ ਦੇ ਪੰਜ ਸਾਲ ਪੂਰੇ ਹੋਣ ਮੌਕੇ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਜੇਕਰ ਇਹ ਕਦਮ ਸਫਲ ਸੀ ਤਾਂ ਫਿਰ ਭ੍ਰਿਸ਼ਟਾਚਾਰ ਖਤਮ ਕਿਉਂ ਨਹੀਂ ਹੋਇਆ ਅਤੇ ਅਤਿਵਾਦ ਨੂੰ ਸੱਟ ਕਿਉਂ ਨਹੀਂ ਵੱਜੀ? ਉਨ੍ਹਾਂ ਨੇ ਨੋੋਟਬੰਦੀ ਨੂੰ ਤਬਾਹੀ ਕਰਾਰ ਦਿੱਤਾ ਹੈ। ਪ੍ਰਿਯੰਕਾ ਨੇ ਹੈਸ਼ਟੈਗ ਨੋਟਬੰਦੀਤਬਾਹੀ ਦੀ ਵਰਤੋਂ ਕਰਦਿਆਂ ਟਵੀਟ ਕੀਤਾ ਕਿ ਜੇਕਰ ਨੋਟਬੰਦੀ ਸਫਲ ਸੀ ਤਾਂ ਭ੍ਰਿਸ਼ਟਾਚਾਰ ਖਤਮ ਕਿਉਂ ਨਹੀਂ ਹੋਇਆ? ਕਾਲਾ ਧਨ ਵਾਪਸ ਕਿਉਂ ਨਹੀਂ ਆਇਆ? ਅਰਥਵਿਵਸਥਾ ਕੈਸ਼ਲੈੱਸ ਕਿਉਂ ਨਹੀਂ ਹੋਈ? ਅਤਿਵਾਦ ਨੂੰ ਸੱਟ ਕਿਉਂ ਨਹੀਂ ਵੱਜੀ? ਮਹਿੰਗਾਈ ਨੂੰ ਲਗਾਮ ਕਿਉਂ ਨਹੀਂ ਲੱਗੀ?
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ। ਇਸ ਤਹਿਤ 1000 ਅਤੇ 500 ਦੇ ਨੋਟ ਬੰਦ ਕਰ ਦਿੱਤੇ ਗਏ ਸਨ ਅਤੇ ਫਿਰ 2000 ਅਤੇ 500 ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਲਗਾਤਾਰ ਮੋੋਦੀ ਸਰਕਾਰ ਤੇ ਕਥਿਤ ਦੋਸ਼ ਲਾਉਂਦੀ ਰਹੀ ਹੈ ਕਿ ਨੋਟਬੰਦੀ ਲੋਕ ਹਿੱਤ ਵਿੱਚ ਨਹੀਂ ਸੀ ਅਤੇ ਇਸ ਨੇ ਆਰਥਿਕਤਾ ਬਹੁਤ ਮਾੜਾ ਪਾਇਆ ਹੈ।