ਰਾਏਪੁਰ, 24 ਜੂਨ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਵਿੱਚ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ| ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲੇ ਵਿੱਚ ਬੁੱਧਵਾਰ ਭਾਵ ਅੱਜ ਸਰਹੱਦ ਸੁਰੱਖਿਆ ਫੋਰਸ (ਬੀ. ਐਸ. ਐਫ.) ਦੇ 15 ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ| ਕਾਂਕੇਰ ਜ਼ਿਲੇ ਦੇ ਮੁੱਖ ਸਿਹਤ ਅਤੇ ਮੈਡੀਕਲ ਅਧਿਕਾਰੀ ਡਾਕਟਰ ਜਗਜੀਵਨ ਰਾਮ ਉਈਕੇ ਨੇ ਦੱਸਿਆ ਕਿ ਕਾਂਕੇਰ ਜ਼ਿਲੇ ਵਿਚ ਬੀ. ਐਸ. ਐਫ. ਦੇ 15 ਜਵਾਨਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ| ਇਨ੍ਹਾਂ ਵਿਚੋਂ ਇਕ ਜਵਾਨ ਵਿੱਚ ਮੰਗਲਵਾਰ ਸ਼ਾਮ ਨੂੰ ਅਤੇ 14 ਜਵਾਨਾਂ ਵਿੱਚ ਦੇਰ ਰਾਤ ਵਾਇਰਸ ਦੀ ਪੁਸ਼ਟੀ ਹੋਈ|
ਉਹਨਾਂ ਨੇ ਦੱਸਿਆ ਕਿ 10 ਜਵਾਨ ਜ਼ਿਲੇ ਦੇ ਬਾਂਦੇ ਵਿਚ ਅਤੇ ਬਾਕੀ ਜਵਾਨ ਅੰਤਾਗੜ੍ਹ ਦੇ ਕੁਆਰੰਟੀਨ ਸੈਂਟਰ ਵਿੱਚ ਸਨ| ਜਵਾਨਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਜਗਦਲਪੁਰ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ| ਬੀ. ਐਸ. ਐਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 26 ਜਵਾਨਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ| ਇਨ੍ਹਾਂ ਵਿੱਚੋਂ 6 ਜਵਾਨਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ| ਓਧਰ ਅਧਿਕਾਰੀਆਂ ਨੇ ਦੱਸਿਆ ਕਿ 15 ਜਵਾਨਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿੱਚੋਂ 7 ਜਵਾਨ 132ਵੀਂ ਬਟਾਲੀਅਨ ਦੇ, 5 ਜਵਾਨ 17ਵੀਂ ਬਟਾਲੀਅਨ ਦੇ, 2 ਜਵਾਨ 82ਵੀਂ ਬਟਾਲੀਅਨ ਦੇ ਅਤੇ ਇਕ ਜਵਾਨ 167ਵੀ ਬਟਾਲੀਅਨ ਦਾ ਹੈ| ਉਨ੍ਹਾਂ ਨੇ ਦੱਸਿਆ ਕਿ ਸਾਰੇ ਜਵਾਨ ਛੁੱਟੀ ਤੋਂ ਬਾਅਦ ਪੱਛਮੀ ਬੰਗਾਲ, ਓਡੀਸ਼ਾ ਅਤੇ ਬਿਹਾਰ ਸਮੇਤ ਵੱਖ-ਵੱਖ ਸੂਬਿਆਂ ਤੋਂ ਆਏ ਸਨ| ਜਵਾਨਾਂ ਦੇ ਪਰਤਣ ਮਗਰੋਂ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਗਿਆ ਸੀ|