ਚੰਡੀਗੜ੍ਹ – ਪੰਜਾਬ ਮੈਡੀਕਲ ਕੌਂਸਲ ਵਲੋਂ ਡਾ. ਧਰੂਵਿਕਾ ਤਿਵਾੜੀ ਦਾ ਡਾ. ਗੁਰਮੇਜ ਸਿੰਘ ਗਿੱਲ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ।ਪੰਜਾਬ ਮੈਡੀਕਲ ਕੌਂਸਲ ਨੇ ਇਹ ਪੁਰਸਕਾਰ ਜਲੰਧਰ ਤੋਂ ਮਰਹੂਮ ਡਾ. ਗੁਰਮੇਜ ਸਿੰਘ ਗਿੱਲ ਦੀ ਯਾਦ ਵਿੱਚ ਸ਼ੁਰੂ ਕੀਤਾ ਹੈ, ਜਿਨ੍ਹਾਂ ਦਾ ਬੀਤੇ ਵਰ੍ਹੇ ਦਿਹਾਂਤ ਹੋ ਗਿਆ ਸੀ। ਡਾ. ਗੁਰਮੇਜ ਸਿੰਘ ਗਿੱਲ ਪੰਜਾਬ ਮੈਡੀਕਲ ਕੌਂਸਲ ਦੇ ਸਾਬਕਾ ਮੈਂਬਰ ਅਤੇ ਸਾਬਕਾ ਉਪ ਪ੍ਰਧਾਨ ਸਨ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਮੈਂਬਰ ਵੀ ਰਹੇ ਸਨ। ਇਸ ਪੁਰਸਕਾਰ ਨੂੰ ਉਹਨਾਂ ਦੇ ਪਰਿਵਾਰ ਵਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਪੁਰਸਕਾਰ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਤੋਂ ਐਮ.ਬੀ.ਬੀ.ਐਸ. ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਪੁਰਸਕਾਰ ਜੇਤੂ ਵਿਦਿਆਰਥੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ ਏ ਐਸ ਸੇਖੋਂ ਵੱਲੋਂ ਅੱਜ ਇਥੇ ਇਹ ਸਨਮਾਨ ਹਾਸਲ ਕਰਨ ਡੀ.ਐਮ.ਸੀ. ਲੁਧਿਆਣਾ ਤੋਂ ਪਾਸ ਹੋਏ ਟਾਪਰ ਡਾ ਧਰੂਵਿਕਾ ਤਿਵਾੜੀ ਨੂੰ ਦਿੱਤਾ ਗਿਆ।ਸਮਾਰੋਹ ਦਾ ਸੰਚਾਲਨ ਰਜਿਸਟਰਾਰ ਪੀਐਮਸੀ ਡਾ ਆਕਾਸ਼ ਦੀਪ ਅਗਰਵਾਲ ਨੇ ਕੀਤਾ।ਇਸ ਮੌਕੇ ਡਾ ਮਨੋਜ ਸੋਬਤੀ, ਡਾ ਐਸ ਪੀ ਐਸ ਸੂਚ, ਡਾ ਸੁਸ਼ੀਲ ਸਹਿਗਲ, ਡਾ ਵਿਜੇ ਕੁਮਾਰ, ਡਾ ਭਗਵੰਤ ਸਿੰਘ, ਡਾ ਬੀ ਐੱਸ ਵਾਲੀਆ, ਡਾ ਗੁਰਪ੍ਰੀਤ ਗਿੱਲ ਅਤੇ ਡਾ ਪ੍ਰਿਤਪਾਲ ਸਿੰਘ, ਡਾ ਜਸਬੀਰ ਕੌਰ ਗਿੱਲ, ਡਾ ਐਚ ਐੱਸ ਗਿੱਲ, ਡਾ ਗੁਰਬੀਰ ਗਿੱਲ, ਡਾ ਮਨਰਾਜ ਕੌਰ, ਡਾ ਨਵਜੋਤ ਦਹੀਆ, ਡਾ ਗੁਰਮੋਹਨ ਸੰਧੂ ਅਤੇ ਡਾ ਹਰਮੋਹਨ ਕੌਰ ਸੰਧੂ (ਮੈਂਬਰ ਪੀਪੀਐਸਸੀ) ਹਾਜ਼ਰ ਸਨ।