ਬਠਿੰਡਾ, 24 ਜੂਨ 2020 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਬਿਜਲੀ ਮੋਰਚੇ ਦੇ ਇੰਚਾਰਜ ਮੀਤ ਹੇਅਰ ਅਤੇ ਕੋਰ ਕਮੇਟੀ ਮੈਂਬਰ ਤੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਮੁੜ ਤੋਂ ਭਖਾਉਣ ਦੀ ਥਾਂ ਪਲਾਂਟ ਦੀ ਸੈਂਕੜੇ ਏਕੜ ਜ਼ਮੀਨ ਪੁੱਡਾ ਰਾਹੀਂ ਕਥਿਤ ਭੂ ਮਾਫ਼ੀਆ ਹਵਾਲੇ ਕਰਨ ਦੇ ਵਿਰੋਧ ‘ਚ ਪਾਰਟੀ ਆਗੂਆਂ ਤੇ ਵਲੰਟੀਅਰਾਂ ਨੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਮਾਮਲੇ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ। ਬੁਲਾਰਿਆਂ ਨੇ ਥਰਮਲ ਮਾਮਲੇ ਤੇ ਕੈਪਟਨ ਸਰਕਾਰ ਨੂੰ ਵੀ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਅਤੇ ਪੰਜਾਬੀਆਂ ਦੇ ਦੁੱਖਾਂ ਲਈ ਜਿੰਮੇਵਾਰ ਦੱਸਿਆ।
ਧਰਨੇ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ, ਪੰਜਾਬ ਦੇ ਚੀਫ਼ ਸਪੋਕਸਪਰਸਨ ਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜ਼ਿਲਾ ਪ੍ਰਧਾਨ (ਬਠਿੰਡਾ) ਨਵਦੀਪ ਜੀਦਾ, ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ ਅਤੇ ਪਾਰਟੀ ਦੇ ਬੁਲਾਰੇ ਨਾਲ ਗਰਗ ਆਦਿ ਨੇ ਸੰਬੋਧਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਜਿਸ ਕਥਿਤ ਬਿਜਲੀ ਅਤੇ ਲੈਂਡ ਮਾਫ਼ੀਏ ਦੀ ਕਮਾਨ ਪਹਿਲਾਂ ਅਕਾਲੀ ਦਲ ਕੋਲ ਸੀ ਉਹ ਹੁਣ ਕਾਂਗਰਸੀ ਲੀਡਰਸ਼ਿਪ ਦੇ ਹੱਥ ‘ਚ ਆ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕੀਤਾ ਬਠਿੰਡਾ ਦੇ ਗੁਰੂ ਨਾਨਕ ਥਰਮਲ ਪਲਾਂਟ ਨੂੰ ਬੰਦ ਕਰਨ, ਥਰਮਲ ਦੀ 1764 ਏਕੜ ਜ਼ਮੀਨ ਨੂੰ ਵੇਚਣ ਅਤੇ ਬਠਿੰਡਾ ਦੀ ਵਿਰਾਸਤੀ ਪਹਿਚਾਣ ਨੂੰ ਖ਼ਤਮ ਕਰਨ ਦਾ ਆਮ ਆਦਮੀ ਪਾਰਟੀ ਡਟ ਕੇ ਵਿਰੋਧ ਕਰੇਗੀ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਸ਼ਾਇਰਾਨਾ ਅੰਦਾਜ਼ ਵਿੱਚ ਗੱਲ ਕਰਨ ਵਾਲੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਦੇ ਲੋਕਾਂ ਨਾਲ ਥਰਮਲ ਨਾ ਬੰਦ ਕਰਨ ਦੇ ਕੀਤੇ ਵਾਅਦੇ ਤੋਂ ਭੱਜ ਕੇ ਬਠਿੰਡਾ ਦੀ ਸੰਪਤੀ ਅਤੇ ਪਹਿਚਾਣ ਨੂੰ ਖ਼ਤਮ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੀਡੀਆ ਦੇ ਹਵਾਲੇ ਤੋਂ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਕੈਬਨਿਟ ਥਰਮਲ ਪਲਾਂਟ ਦੀ ਜ਼ਮੀਨ ਨੂੰ ਅੱਗੇ ਵੇਚਣ ਦੀ ਮਨਜ਼ੂਰੀ ਦੇਣ ਜਾ ਰਹੀ ਹੈ, ਜੋ ਕਿ ਲੋਕਾਂ ਨਾਲ ਧੋਖਾ ਹੋਵੇਗਾ। ਪ੍ਰੋ. ਬਲਜਿੰਦਰ ਕੌਰ ਨੇ ਦੋਸ਼ ਲਗਾਇਆ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਮਾਰੂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਦੇ ਕਾਂਗਰਸੀ ਚੋਣ ਵਾਅਦੇ ਦੇ ਹਵਾਲੇ ਨਾਲ ਬਠਿੰਡਾ ਥਰਮਲ ਪਲਾਂਟ ਦੀਆਂ ਚਿਮਨੀਆਂ ਮੁੜ ਭਖਾਉਣ ਦੇ ਦਾਅਵੇ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਅੱਜ ਬਤੌਰ ਵਿੱਤ ਮੰਤਰੀ ਥਰਮਲ ਪਲਾਂਟ ਦਾ ਨਾਮੋ-ਨਿਸ਼ਾਨ ਮਿਟਾਉਣ ਦੇ ਫ਼ੈਸਲੇ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕ , ਥਰਮਲ ਮੁਲਾਜ਼ਮ ਅਤੇ ਉਹ ਕਿਸਾਨ ਜਿੰਨਾ ਦੀਆਂ ਜ਼ਮੀਨਾਂ ‘ਬਾਬੇ ਨਾਨਕ’ ਦੇ ਨਾਂਅ ‘ਤੇ ਐਕੁਆਇਰ ਕਰਕੇ ਥਰਮਲ ਪਲਾਂਟ ਸਥਾਪਿਤ ਕੀਤਾ ਗਿਆ ਸੀ, ਮੁਆਫ਼ ਨਹੀਂ ਕਰਨਗੇ। ‘ਆਪ’ ਆਗੂਆਂ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਮੰਗ ਕੀਤੀ ਕਿ ਸਰਕਾਰ ਨੇ ਜੇਕਰ ਥਰਮਲ ਪਲਾਂਟ ਪੱਕੇ ਤੌਰ ‘ਤੇ ਬੰਦ ਕਰਨ ਵਾਲਾ ਮੰਦਭਾਗਾ ਫ਼ੈਸਲਾ ਲੈ ਹੀ ਲਿਆ ਹੈ ਤਾਂ ਇਹ ਜ਼ਮੀਨਾਂ ਉਨਾਂ ਕਿਸਾਨਾਂ ਨੂੰ ਵਾਪਸ ਕੀਤੀਆਂ ਜਾਣ, ਜਿਨ੍ਹਾਂ ਤੋਂ 1969 ‘ਚ ਥਰਮਲ ਪਲਾਂਟ ਲਈ ਲਈਆਂ ਗਈਆਂ ਸਨ। ਉਨ੍ਹਾਂ ਨੇ ਇਲਾਕੇ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅੱਜ ਲੋਕ ਵਿਰੋਧੀ ਭੂਮਿਕਾ ਨਿਭਾਅ ਰਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਆਪਣੇ ਹੱਕ ਲੈਣ ਲਈ ਅੱਗੇ ਆਉਣ। ਉਨ੍ਹਾਂ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀ ਲੜਾਈ ਲੜੇਗੀ।
‘ਆਪ’ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ 2022 ਆਪ ਦੀ ਸਰਕਾਰ ਬਣਨ ‘ਤੇ ਬਠਿੰਡਾ ਥਰਮਲ ਫਿਰ ਚਲਾਇਆ ਜਾਵੇਗਾ ਅਤੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣਗੇ। ਆਮ ਆਦਮੀ ਪਾਰਟੀ ਅਜਿਹੇ ਸਾਰੇ ਮਾਮਲਿਆਂ ਦੀ ਜਾਂਚ ਲਈ ਇੱਕ ਸਪੈਸ਼ਲ ਜੁਡੀਸ਼ੀਅਲ ਜਾਂਚ ਕਮਿਸ਼ਨ ਗਠਿਤ ਕਰਕੇ ਇਸ ‘ਚ ਸ਼ਾਮਲ ਸਾਰੀਆਂ ਧਿਰਾਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜਾ ਕੀਤਾ ਜਾਏਗਾ ਅਤੇ ਸਾਰੀਆਂ ਸੰਪਤੀਆਂ ਵਾਪਸ ਸਰਕਾਰ ਦੇ ਅਧੀਨ ਲਿਆਂਦੀਆਂ ਜਾਣਗੀਆ। ਅੱਜ ਦੇ ਧਰਨੇ ’ਚ ਜਸਪਾਲ ਸਿੰਘ ਦਾਤੇਵਾਸ, ਨਰਿੰਦਰ ਕੌਰ ਭਰਾਜ ਅਤੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਆਦਿ ਆਗੂਆਂ ਨੇ ਸਪਸ਼ਟ ਸ਼ਬਦਾਂ ’ਚ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਸੰਘਰਸ਼ ਦਾ ਦਾਇਰ ਹੋਰ ਵੀ ਵਧਾ ਦਿੱਤਾ ਜਾਏਗਾ। ਇਸ ਮੌਕੇ ਬਠਿੰਡਾ ਦੇ ਐਸ.ਡੀ.ਐਮ ਨੇ ‘ਆਪ’ ਆਗੂਆਂ ਤੋਂ ਮੰਗ ਪੱਤਰ ਵੀ ਹਾਸਲ ਕੀਤਾ।