ਲਹਿੰਗਾ ਚੌਲੀ ਹੋਵੇ ਜਾਂ ਸਲਵਾਰ ਕਮੀਜ਼, ਇਨ੍ਹਾਂ ਨੂੰ ਖ਼ਾਸ ਬਣਾਉਂਦਾ ਹੈ, ਇਨ੍ਹਾਂ ਉੱਪਰ ਲਿਆ ਜਾਣ ਵਾਲਾ ਭਾਰੀ ਦਪੁੱਟਾ। ਭਾਰਤੀ ਸੱਭਿਅਤਾ ਵਿਚ ਦੁਪੱਟੇ ਦੀ ਖ਼ਾਸ ਅਹਿਮੀਅਤ ਹੈ। ਆਪਣੀ ਦਿੱਖ ਨੂੰ ਖਿੱਚ ਭਰਪੂਰ ਬਣਾਉਣ ਲਈ ਤੁਸੀਂ ਦੁਪੱਟੇ ਨੂੰ ਵੱਖ-ਵੱਖ ਢੰਗਾਂ ਨਾਲ ਲੈ ਸਕਦੇ ਹੋ। ਆਪਣੇ ਲਹਿੰਗੇ ਦੀ ਸ਼ਾਨ ਨੂੰ ਵਧਾਉਣ ਲਈ ਦੁਪੱਟਾ ਕਿਵੇਂ ਲਈਏ, ਆਓ ਜਾਣੀਏ:-
ਹਾਈਨੈੱਕ ਸਟਾਈਲ : ਹਾਈਨੈੱਕ ਸਟਾਈਲ ਵਿਚ ਦੁਪੱਟਾ ਹਮੇਸ਼ਾ ਸਲਵਾਰ ਕਮੀਜ਼ ਦੇ ਨਾਲ ਲਿਆ ਜਾਂਦਾ ਰਿਹਾ ਹੈ। ਇਸ ਲਈ ਦੁਪੱਟੇ ਨੂੰ ਖੋਲ੍ਹ ਕੇ ਇਸ ਨੂੰ ਵਿਚਾਲਿਓਂ ਮੋੜੋ ਅਤੇ ਆਪਣੇ ਦੋਵੇਂ ਮੋਢਿਆਂ ‘ਤੇ ਲਓ। ਇਸ ਨੂੰ ਧੌਣ ‘ਤੇ ਲਪੇਟ ਕੇ ਰੱਖੋ। ਇਸ ਸਟਾਈਲ ਨਾਲ ਤੁਸੀਂ ਦੁਪੱਟੇ ਨੂੰ ਖ਼ੂਬਸੂਰਤ ਕੁਰਤੀ ਜਾਂ ਬਲੇਜਰ ਦੇ ਨਾਲ ਵੀ ਲੈ ਸਕਦੇ ਹੋ।
ਮੋਢਿਆਂ ਦੇ ਚਾਰੇ ਪਾਸੇ ਡ੍ਰੈੱਪ ਕਰੋ : ਸਾਊ ਅਤੇ ਮਿਆਰੀ ਸੱਭਿਅਕ ਦਿਸਣ ਲਈ ਦੁਪੱਟੇ ਨੂੰ ਮੋਢਿਆਂ ਦੇ ਚਾਰੇ ਪਾਸੇ ਡ੍ਰੈੱਪ ਕਰੋ। ਲਾਈਟ ਸੂਟ ਜਾਂ ਅਨਾਰਕਲੀ ਜਾਂ ਹੈਵੀ ਅੰਬਾਇਡਰੀ ਭਾਵ ਭਾਰੀ ਕਢਾਈ ਵਾਲੇ ਦੁਪੱਟੇ ਨੂੰ ਇਸ ਤਰ੍ਹਾਂ ਲੈ ਸਕਦੇ ਹੋ। ਸਧਾਰਨ ਸੂਟ ਦੇ ਨਾਲ ਭਾਰੀ ਦੁਪੱਟੇ ਵਿਚ ਇਹ ਅੰਦਾਜ਼ ਚੰਗਾ ਲਗਦਾ ਹੈ।
ਕੈਪ ਸਟਾਈਲ : ਸੀਨੇ ‘ਤੇ ਅੱਗੇ ਵੱਲ ਫੈਲਿਆ ਦੁਪੱਟਾ ਇਹ ਸਭ ਤੋਂ ਸੇਫ਼ ਸਟਾਈਲ ਹੈ। ਸਲਵਾਰ, ਸੂਟ ਜਾਂ ਲਹਿੰਗੇ ‘ਤੇ ਦੁਪੱਟੇ ਨੂੰ ਕੈਪ ਦੀ ਤਰ੍ਹਾਂ ਲੈਣਾ ਸਹੀ ਵਿਚਾਰ ਹੈ। ਇਹ ਹਲਕੇ ਦੁਪੱਟੇ ਨੂੰ ਵੀ ਖ਼ਾਸ ਬਣਾਉਂਦਾ ਹੈ।
ਪਿੱਛੇ ਤੋਂ ਦੁਪੱਟਾ ਲੈਣਾ : ਦੁਪੱਟਾ ਲੈਣ ਨੂੰ ਇਹ ਸਭ ਤੋਂ ਜ਼ਿਆਦਾ ਹਰਮਨਪਿਆਰਾ ਸਟਾਈਲ ਹੈ। ਲਹਿੰਗੇ ‘ਤੇ ਅਕਸਰ ਇਸੇ ਤਰ੍ਹਾਂ ਲਿਆ ਜਾਂਦਾ ਹੈ, ਜੋ ਪਰੰਪਰਿਕ ਤੇ ਸੱਭਿਅਕ ਵੀ ਲਗਦਾ ਹੈ ਅਤੇ ਜੋ ਤੁਹਾਡੀ ਦਿੱਖ ਨੂੰ ਸੁੰਦਰਤਾ ਦਿੰਦਾ ਹੈ। ਇਸ ਲਈ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਦੁਪੱਟੇ ਨੂੰ ਪਿੱਛੇ ਵਾਲੇ ਪਾਸੇ ਤੋਂ ਲੈ ਕੇ ਅੱਗੇ ਲੱਕ ਵਾਲੇ ਪਾਸੇ ਤੋਂ ਲੈ ਆਓ। ਇਸ ਦੇ ਦੋਵੇਂ ਸਿਰੇ ਅੱਗੇ ਵੱਲ ਹੋਣੇ ਚਾਹੀਦੇ ਹਨ ਅਤੇ ਦੋਵੇਂ ਹੱਥਾਂ ਵਿਚ ਇਸ ਦੇ ਦੋਵੇਂ ਸਿਰੇ ਹੋਣ। ਇਨ੍ਹਾਂ ਦੋਵਾਂ ਸਿਰਿਆਂ ਦੀ ਲੰਬਾਈ ਬਰਾਬਰ ਹੋਵੇ, ਤਾਂ ਕਿ ਤੁਹਾਨੂੰ ਤੁਰਨ ਵਿਚ ਪ੍ਰੇਸ਼ਾਨੀ ਨਾ ਹੋਵੇ।