ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਹੱਥਾਂ ਦੀ ਸਫ਼ਾਈ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ ਇਹ ਮਹਾਂਮਾਰੀ ਨੂੰ ਰੋਕਣ ਦਾ ਮਹਾਂਮੰਤਰ ਸਮਝਿਆ ਜਾਂਦਾ ਹੈ। ਹੱਥਾਂ ਨੂੰ ਪ੍ਰਭਾਵੀ, ਸੁਰੱਖਿਅਤ, ਸਹੀ ਅਤੇ ਵਾਰ-ਵਾਰ ਧੋਣ ਨਾਲ ਸਮਾਜ, ਘਰਾਂ, ਸਿਹਤ ਮੁਲਾਜ਼ਮਾਂ ਅਤੇ ਜਨਤਕ ਥਾਵਾਂ ‘ਤੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਸਾਬਣ ਨਾਲ ਹੱਥ ਧੋਣ ਨਾਲ ਹੱਥਾਂ ‘ਤੇ ਜੰਮੇ ਵਾਇਰਸ ਦੇ ਕਿਟਾਣੂ ਘੁਲ ਕੇ ਹੇਠਾਂ ਡਿੱਗ ਜਾਂਦੇ ਹਨ ਅਤੇ ਬੇਅਸਰ ਹੋ ਜਾਂਦੇ ਹਨ, ਜਿਸ ਨਾਲ ਤੁਹਾਡੇ ਹੱਥ ਵਾਇਰਸ ਤੋਂ ਸੁਰੱਖਿਅਤ ਹੋ ਜਾਂਦੇ ਹਨ। ਆਮ ਤੌਰ ‘ਤੇ ਤੁਹਾਨੂੰ ਆਪਣੇ ਹੱਥ 20-30 ਸੈਕਿੰਡ ਸਾਬਣ ਦੇ ਪਾਣੀ ਵਿਚ ਅੰਦਰ ਬਾਹਰ ਦੋਵੇਂ ਪਾਸੇ ਤੋਂ ਚੰਗੀ ਤਰ੍ਹਾਂ ਧੋਣੇ ਚਾਹੀਦੇ। ਸੌਖਾ ਜਿਹਾ ਤਰੀਕਾ ਇਹ ਵੀ ਹੈ ਕਿ ਤੁਸੀਂ ‘ਹੈਪੀ ਬਰਥਡੇ’ ਗਾਣੇ ਦੀ ਆਪਣੀ ਧੁਨ ਵਿਚ ਮਸਤੀ ਵਿਚ ਗਾਉਣ ਲਈ ਜਿੰਨਾ ਸਮਾਂ ਲੈਂਦੇ ਹੋ, ਓਨਾ ਸਮਾਂ ਹੀ ਤੁਹਾਨੂੰ ਅੰਦਰ-ਬਾਹਰ ਦੋਵੇਂ ਪਾਸੇ ਤੋਂ ਆਪਣੇ ਹੱਥ ਸਾਬਣ ਲਗਾ ਕੇ ਧੋਣੇ ਹਨ ਤਾਂ ਕਿ ਤੁਸੀਂ ਸੁਰੱਖਿਅਤ ਹੋ ਸਕੋ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਸੁਰੱਖਿਅਤ ਰੱਖ ਸਕੋ। ਅਸਲ ਵਿਚ ਹੱਥਾਂ ਦੀ ਪਿਛਲੀ ਪਾਸੇ ਦੀ ਚਮੜੀ ਕਾਫ਼ੀ ਪਤਲੀ ਹੁੰਦੀ ਹੈ ਅਤੇ ਇਸ ਵਿਚ ਚਿਕਨਾਈ ਵਾਲੀਆਂ ਗ੍ਰੰਥੀਆਂ ਦੀ ਘਾਟ ਹੁੰਦੀ ਹੈ ਜਿਸ ਦੀ ਵਜ੍ਹਾ ਕਰਕੇ ਹੱਥਾਂ ਵਿਚ ਝੁਰੜੀਆਂ ਪੈ ਜਾਂਦੀਆਂ ਹਨ। ਵਾਰ-ਵਾਰ ਸਾਬਣ ਨਾਲ ਹੱਥ ਧੋਣ ਨਾਲ ਨਹੁੰ ਵੀ ਖ਼ੁਸ਼ਕ ਹੋ ਕੇ ਭੁਰਭੁਰੇ ਹੋ ਜਾਂਦੇ ਹਨ ਅਤੇ ਬੇਜਾਨ ਹੋ ਕੇ ਸੌਂਖਿਆਂ ਹੀ ਟੁੱਟ ਜਾਂਦੇ ਹਨ।
ਇਸ ਮਹਾਂਮਾਰੀ ਵਿਚ ਆਪਣੇ-ਆਪ ਨੂੰ ਸੁਰੱਖਿਅਤ ਰੱਖਦੇ ਹੋਏ ਅਸੀਂ ਆਪਣੇ ਹੱਥਾਂ ਦੀ ਸੁਰੱਖਿਆ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਹੱਥਾਂ ਨੂੰ ਕੈਮੀਕਲਯੁਕਤ ਸਾਬਣ ਨਾਲ ਵਾਰ-ਵਾਰ ਧੋਣ ਨਾਲ ਹੱਥਾਂ ਵਿਚ ਦਰਦ, ਲਾਲੀ, ਦਾਦ, ਖਾਰਸ਼ ਆਦਿ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਹੱਥਾਂ ਨੂੰ ਵਾਰ-ਵਾਰ ਧੋਣ ਨਾਲ ਚਮੜੀ ਵਿਚ ਸੁਰਾਖ਼ ਪੈਦਾ ਹੋ ਸਕਦੇ ਹਨ ਜਿਸ ਨਾਲ ਬੈਕਟੀਰੀਆ ਸਾਡੀ ਚਮੜੀ ਵਿਚ ਦਾਖਲ ਹੋ ਸਕਦਾ ਹੈ, ਜਿਸ ਨਾਲ ‘ਐਗਜ਼ੀਮਾ’ ਵਰਗੇ ਰੋਗ ਹੋ ਸਕਦੇ ਹਨ।
ਨਹਾਉਣ ਤੋਂ ਪਹਿਲਾਂ ਹੱਥਾਂ ‘ਤੇ ਕੋਸਾ ਤੇਲ ਲਗਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰੋ ਜਿਸ ਨਾਲ ਹੱਥਾਂ ਦੀ ਚਮੜੀ ਮੁਲਾਇਮ ਹੋ ਜਾਵੇ। ਇਸ ਲਈ ਤੁਸੀਂ ਨਾਰੀਅਲ ਤੇਲ ਜਾਂ ਬਾਦਾਮ ਤੇਲ ਦੀ ਵਰਤੋਂ ਕਰੋ ਤਾਂ ਜ਼ਿਆਦਾ ਚੰਗਾ ਹੋਵੇਗਾ। ਨਹਾਉਣ ਤੋਂ ਬਾਅਦ ਜਦੋਂ ਤੁਹਾਡੀ ਚਮੜੀ ਗਿੱਲੀ ਹੋਵੇ ਤਾਂ ਹੱਥਾਂ ‘ਤੇ ਮਾਈਸਚਾਈਜ਼ਰ ਲਗਾ ਲਓ ਜਿਸ ਨਾਲ ਚਮੜੀ ਵਿਚ ਨਮੀ ਨੂੰ ਬਣਾਈ ਰੱਖਣ ਵਿਚ ਮਦਦ ਮਿਲੇਗੀ। ਬਾਦਾਮ, ਦਹੀਂ ਅਤੇ ਚੁਟਕੀ ਭਰ ਹਲਦੀ ਪਾ ਕੇ ਬਣੇ ਮਿਸ਼ਰਨ ਨੂੰ ਹੱਥਾਂ ‘ਤੇ ਲਗਾ ਕੇ 30 ਮਿੰਟ ਬਾਅਦ ਹੱਥਾਂ ਨੂੰ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ। ਇਸ ਪ੍ਰਕਿਰਿਆ ਨੂੰ ਤੁਸੀਂ ਹਫ਼ਤੇ ਵਿਚ ਦੋ ਵਾਰ ਕਰ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਹੱਥਾਂ ‘ਤੇ ਪੋਸ਼ਕ ਕ੍ਰੀਮ ਦੀ ਹਲਕੀ ਮਾਲਿਸ਼ ਕਰਨ ਤੋਂ ਬਾਅਦ ਸੌਂ ਜਾਓ।
ਹੱਥਾਂ ਦੀ ਚਮੜੀ ਨੂੰ ਮੁਲਾਇਮ ਬਣਾਈ ਰੱਖਣ ਲਈ ਤੁਸੀਂ ਕੁਝ ਘਰੇਲੂ ਹਰਬਲ ਸਾਧਨਾਂ ਦੀ ਮਦਦ ਵੀ ਲੈ ਸਕਦੇ ਹੋ। ਅੱਜਕੱਲ੍ਹ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਮਾਈਸਚਰਆਈਜ਼ਰ, ਹੈਂਡ ਕ੍ਰੀਮ ਆਦਿ ਮਿਲਦੇ ਹਨ। ਬਾਡੀਲੋਸ਼ਨ ਦੀ ਬਜਾਏ ਹੈਂਡਕ੍ਰੀਮ ਹਮੇਸ਼ਾ ਚੰਗੀ ਸਾਬਤ ਹੁੰਦੀ ਹੈ ਕਿਉਂਕਿ ਹੈਂਡ ਕ੍ਰੀਮ ਜ਼ਿਆਦਾ ਪੌਸ਼ਕ ਹੁੰਦੀ ਹੈ। ਪਾਣੀ ‘ਤੇ ਆਧਾਰਿਤ ਲੋਸ਼ਨ ਲਗਾਉਣ ਨਾਲ ਚਮੜੀ ਵਿਚ ਸੁੱਕਾਪਣ ਵਧ ਜਾਂਦਾ ਹੈ ਕਿਉਂਕਿ ਪਾਣੀ ਹਵਾ ਵਿਚ ਉੱਡ ਜਾਂਦਾ ਹੈ। ਇਸ ਦੇ ਮੁਕਾਬਲੇ ਤੇਲ ‘ਤੇ ਆਧਾਰਿਤ ਕ੍ਰੀਮ ਲਗਾਉਣਾ ਕਿਤੇ ਜ਼ਿਆਦਾ ਪ੍ਰਭਾਵੀ ਅਤੇ ਲਾਭਕਾਰੀ ਰਹਿੰਦਾ ਹੈ। ਜਦੋਂ ਵੀ ਤੁਹਾਡੇ ਹੱਥ ਖੁਸ਼ਕ ਹੋਣ ਤਾਂ ਉਸੇ ਸਮੇਂ ਹੈਂਡ ਕ੍ਰੀਮ ਲਗਾਉਣਾ ਬਿਲਕੁਲ ਨਾ ਭੁੱਲੋ। ਹੱਥਾਂ ਨੂੰ ਧੋਣ ਲਈ ਵਰਤੇ ਜਾਣ ਵਾਲੇ ਸਾਬਣ ਹਲਕੇ ਅਤੇ ਸੁਗੰਧ ਰਹਿਤ ਹੋਣੇ ਚਾਹੀਦੇ।
ਚਾਰ ਚਮਚ ਬਾਦਾਮ ਤੇਲ, ਇਕ ਚਮਚ ਗੁਲਾਬ ਜਲ ਅਤੇ ਅੱਧਾ ਚਮਚ ਟਿੰਚਰ ਬੇਂਜ਼ੋਇਨ ਨੂੰ ਮਿਲਾ ਕੇ ਬਣੇ ਮਿਸ਼ਰਨ ਨੂੰ ਹੱਥਾਂ ‘ਤੇ ਲਗਾ ਕੇ ਹੱਥਾਂ ‘ਤੇ ਸੂਤੀ ਕੱਪੜਾ ਲਪੇਟ ਕੇ ਹੱਥਾਂ ਨੂੰ ਢਕ ਲਓ ਅਤੇ ਇਸ ਨੂੰ ਰਾਤ ਭਰ ਹੱਥਾਂ ‘ਤੇ ਲੱਗਾ ਰਹਿਣ ਦੇਣ ਤੋਂ ਬਾਅਦ ਸਵੇਰੇ ਹੱਥਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਹੱਥ ਕੋਮਲ ਅਤੇ ਮੁਲਾਇਮ ਹੋ ਜਾਣਗੇ।
ਲੋਸ਼ਨ ਦੀ ਬਜਾਏ ਜੇਕਰ ਤੁਸੀਂ ਕ੍ਰੀਮ/ਆਇੰਟਮੈਂਟ ਨੂੰ ਪਹਿਲ ਦਿਓ ਕਿਉਂਕਿ ਇਹ ਜ਼ਿਆਦਾ ਅਸਰਦਾਇਕ ਹੁੰਦੇ ਹਨ। ਨਿੰਬੂ ਜੂਸ ਅਤੇ ਚੀਨੀ ਨੂੰ ਹੱਥਾਂ ‘ਤੇ ਰਗੜਨ ਨਾਲ ਚਮੜੀ ਮੁਲਾਇਮ ਹੁੰਦੀ ਹੈ।
ਦੋ ਚਮਚ ਸੂਰਜਮੁਖੀ ਤੇਲ, 2 ਚਮਚ ਨਿੰਬੂ ਰਸ ਅਤੇ ਤਿੰਨ ਚਮਚ ਚੀਨੀ ਨੂੰ ਮਿਲਾ ਕੇ ਬਣਾਏ ਮਿਸ਼ਰਨ ਨਾਲ ਹੱਥਾਂ ‘ਤੇ ਲਗਾ ਕੇ ਅੱਧੇ ਘੰਟੇ ਬਾਅਦ ਹੱਥਾਂ ਨੂੰ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ। ਇਸ ਨੂੰ ਹਫ਼ਤੇ ਵਿਚ ਤਿੰਨ ਵਾਰ ਕਰ ਸਕਦੇ ਹੋ।
ਛਾਣਬੂਰਾ, ਵੇਸਣ, ਹਲਦੀ ਅਤੇ ਦੁੱਧ ਨੂੰ ਮਿਲਾ ਕੇ ਇਸ ਦਾ ਪੇਸਟ ਬਣਾ ਲਓ। ਇਸ ਮਿਸ਼ਰਨ ਨੂੰ 20 ਮਿੰਟ ਤੱਕ ਹੱਥਾਂ ‘ਤੇ ਲਗਾਉਣ ਤੋਂ ਬਾਅਦ ਹੱਥਾਂ ਨੂੰ ਤਾਜ਼ੇ-ਸਾਫ਼ ਪਾਣੀ ਨਾਲ ਧੋ ਦਿਓ। ਬਾਦਾਮ ਤੇਲ ਅਤੇ ਸ਼ਹਿਦ ਨੂੰ ਬਰਾਬਰ ਅਨੁਪਾਤ ਵਿਚ ਮਿਲਾ ਕੇ ਬਣੇ ਮਿਸ਼ਰਨ ਨੂੰ ਆਪਣੇ ਨਹੁੰਆਂ ਦੇ ਨਾਲ ਲਗਦੀ ਚਮੜੀ ‘ਤੇ ਲਗਾਉਣ ਨਾਲ ਨਹੁੰ ਮੁਲਾਇਮ ਹੋ ਜਾਣਗੇ।
ਵੈਜੀਟੇਬਲ ਤੇਲ ਨੂੰ ਕੋਸਾ ਗਰਮ ਕਰ ਕੇ ਇਸ ਵਿਚ ਨਹੁੰ ਡੁਬੋਣ ਤੋਂ ਬਾਅਦ ਗਿੱਲੇ ਤੌਲੀਏ ਨਾਲ ਨਹੁੰਆਂ ਨੂੰ ਪੂੰਝ ਦਿਓ। ਹਰ ਰੋਜ਼ ਬਾਦਾਮ ਖਾਣ ਨਾਲ ਨਹੁੰ ਮਜ਼ਬੂਤ ਹੁੰਦੇ ਹਨ। ਆਪਣੇ ਭੋਜਨ ਵਿਚ ਅਨਾਜ, ਦਹੀਂ, ਪੱਤੇਦਾਰ ਸਬਜ਼ੀਆਂ ਅਤੇ ਫਲਾਂ ਨੂੰ ਸ਼ਾਮਿਲ ਕਰੋ।
ਜੇਕਰ ਤੁਹਾਡੀ ਚਮੜੀ ਕੈਮੀਕਲਯੁਕਤ ਸਾਬਣ, ਡਿਟਰਜੈਂਟ ਦੇ ਪ੍ਰਤੀ ਸੰਵੇਦਨਸ਼ੀਲ ਹੈ ਤਾਂ ਤੁਸੀਂ ਭਾਂਡੇ ਧੋਂਦੇ ਸਮੇਂ ਹੱਥਾਂ ‘ਤੇ ਦਸਤਾਨੇ ਪਾਉਣਾ ਬਿਲਕੁਲ ਨਾ ਭੁੱਲੋ। ਇਕ ਚਮਚ ਖਮੀਰ ਨੂੰ ਇਕ ਗਿਲਾਸ ਤਾਜ਼ੇ ਜੂਸ ਵਿਚ ਪਾ ਕੇ ਪੀਣ ਨਾਲ ਨਹੁੰ ਅਤੇ ਚਮੜੀ ਬਿਹਤਰ ਅਤੇ ਸਿਹਤਮੰਦ ਰਹਿੰਦੀ ਹੈ।