ਐਡੀਲੇਡ, ਮਈ -ਰਸਲ ਵਾਰਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਨੇ ਐਡੀਲੇਡ ਦੀ ਪਾਰਲੀਮੈਂਟ ‘ਚ ਐਨਜੈਕ ਡੇ ਤੇ ਸਾਰੇ ਸ਼ਹੀਦਾਂ ਸਮੇਤ ਖ਼ਾਸ ਕਰਕੇ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਦੋ ਵਿਸ਼ਵ ਯੁੱਧਾਂ ‘ਚ ਐਨਜੈਕ ਫ਼ੌਜਾਂ ਦਾ ਹਿੱਸਾ ਬਣ ਕੇ ਵਿਖਾਈ ਬਹਾਦਰੀ ਦੀ ਗਾਥਾ ਸਭਨਾਂ ਨਾਲ ਸਾਂਝੀ ਕੀਤੀ। ਰਸਲ ਵਾਰਟਲੇ ਨੇ ਦੱਸਿਆ ਕਿ ਗੁਰੂ ਘਰ ਦੇ ਪ੍ਰਧਾਨ ਬਲਵੰਤ ਸਿੰਘ, ਭੁਪਿੰਦਰ ਸਿੰਘ ਤੱਖਰ ਤੇ ਬੀਬਾ ਗਰਚਾ ਵਲੋਂ ਮੈਨੂੰ ਮਾਣ ਬਖ਼ਸ਼ਿਆ ਤੇ ਸਿੱਖਾਂ ਦੇ ਯੋਗਦਾਨ ਪ੍ਰਤੀ ਬੋਲਣ ਲਈ ਪ੍ਰੇਰਣਾ ਦਿੱਤੀ। ਇਸ ਮੌਕੇ ਉਨ੍ਹਾਂ ਸਾਰਿਆਂ ਸ਼ਹੀਦਾਂ ਨੂੰ ਵਿਸ਼ੇਸ਼ ਤੌਰ ‘ਤੇ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਤਹਿ ਦਿਲੋਂ ਨਮਨ ਕੀਤਾ ਤੇ ਕਿਹਾ ਭਾਵੇਂ ਸਿੱਖਾਂ ਦੀ ਗਿਣਤੀ 2 ਫ਼ੀਸਦੀ ਹੈ, ਪਰ ਬ੍ਰਿਟਿਸ਼ ਇੰਡੀਆ ਆਰਮੀ ‘ਚ ਹਿੱਸੇਦਾਰੀ 20 ਫ਼ੀਸਦੀ ਸੀ। ਸਿੱਖਾਂ ਦਾ ਆਸਟ੍ਰੇਲੀਆਈ ਫ਼ੌਜਾਂ ਨਾਲ ਰਲ ਕੇ ਗੋਲੀਪੋਲੀ ਦੀ ਲੜਾਈ ‘ਚ ਬਹਾਦਰੀ, ਸੁਹਿਰਦਗੀ, ਵਫ਼ਾਦਾਰੀ ਤੇ ਸਭਨਾਂ ਨਾਲ ਵੰਡ ਛਕਣ ਦੀ ਨੀਤੀ ਤੇ ਹਮੇਸ਼ਾ ਸਭਨਾਂ ਨੂੰ ਮਾਣ ਰਹੇਗਾ ਤੇ ਇਸ ਦਾ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਸਿੱਖਾਂ ਨੂੰ ਪਗੜੀ ਬੰਨ੍ਹ ਕੇ ਲੜਾਈ-ਲੜਨ ਦਾ ਅਧਿਕਾਰ ਪ੍ਰਾਪਤ ਸੀ, ਸਿੱਖ ਬਟਾਲੀਅਨ ਨੇ ਇਸ ਮੁਹਿੰਮ ਦੌਰਾਨ ਆਸਟ੍ਰੇਲੀਆਈ ਸੈਨਿਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਸ਼ੀਨਗੰਨਾਂ ਦੀ ਗੋਲੀਬਾਰੀ ਨੂੰ ਮੁੜ ਕੇ ਨਹੀਂ ਵੇਖਿਆ, ਨਾ ਹਾਰ ਮੰਨੀ, ਨਾ ਦੁਸ਼ਮਣ ਅੱਗੇ ਹਥਿਆਰ ਸੁੱਟੇ। ਬਹਾਦਰੀ ਨਾਲ ਲੜਦੇ ਅੱਗੇ ਵਧਦੇ ਗਏ, 13 ਵਿਚੋਂ 11 ਅਫ਼ਸਰ ਤੇ 450 ਵਿਚੋਂ 371 ਸਿਪਾਹੀ ਵੀਰਗਤੀ ਨੂੰ ਪ੍ਰਾਪਤ ਹੋਏ। ਲੈਫ਼ਟੀਨੈਂਟ ਰੈਜੀਨਲਡ ਸੇਵਰੀ ਤੇ ਜਨਰਲ ਸਰ ਇਆਨ ਦੀਆਂ ਇਤਿਹਾਸਕ ਲਿਖਤਾਂ ਅੰਦਰ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਗਾਥਾ ਲਿਖੀ ਮਿਲਦੀ ਹੈ, ਜਿਸ ਵਿਚ ਇਨ੍ਹਾਂ ਬਹਾਦਰ ਫ਼ੌਜੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਲਿਖਿਆ ਹੋਇਆ ਹੈ।