ਸਿਆਟਲ, ਮਈ -ਅੱਜ ਸਿਆਟਲ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵਿਲ ਵਲੋਂ ਕੋਰੋਨਾ ਵਾਇਰਸ ਦੇ ਮੁਸ਼ਕਿਲ ਭਰੇ ਹਾਲਾਤ ‘ਚ ਕੰਮ ਕਰਦੇ ਮੈਰਿਸਵਿਲ ਪੁਲਿਸ ਅਤੇ ਫਾਇਰ ਫ਼ਾਇਟਰਾਂ ਨੂੰ ਗੁਰਦੁਆਰਾ ਸਾਹਿਬ ਵਲੋਂ ਦੁਪਹਿਰ ਦਾ ਖਾਣਾ ਦਿੱਤਾ ਗਿਆ | ਇਸ ਮੌਕੇ ਗੁਰੂ ਘਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਉਸਮਾਨਪੁਰ, ਜਨਰਲ ਸਕੱਤਰ ਗੁਰਵਿੰਦਰ ਸਿੰਘ ਧਾਲੀਵਾਲ ਤੇ ਸਕੱਤਰ ਹਰਚਰਨ ਸਿੰਘ ਸੰਧੂ ਨੇ ਆਪ ਜਾ ਕੇ ਖਾਣਾ ਵਰਤਾਇਆ | ਇਸ ਮੌਕੇ ਬੋਲਦੇ ਬਲਵੀਰ ਸਿੰਘ ਉਸਮਾਨਪੁਰ ਨੇ ਕਿਹਾ ਕਿ ਸਾਡੀ ਖ਼ੁਸ਼ਕਿਸਮਤੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਹਰ ਸੇਵਾ ਲਈ ਤਿਆਰ ਹਾਂ ਤੇ ਜਦੋਂ ਵੀ ਜ਼ਰੂਰਤ ਹੋਵੇ ਅਸੀਂ ਹਾਜ਼ਰ ਹੋਵਾਂਗੇ | ਇਸ ਮੌਕੇ ਮੈਰਿਸਵਿਲ ਪੁਲਿਸ ਦੇ ਚੀਫ਼ ਮਿਸਟਰ ਗੋਲਡਮੈਨ ਨੇ ਕਿ ਸਾਨੂੰ ਸਿੱਖ ਭਾਈਚਾਰੇ ‘ਤੇ ਬਹੁਤ ਮਾਣ ਹੈ | ਇਹ ਹਮੇਸ਼ਾ ਸੇਵਾ ਵਾਸਤੇ ਤਿਆਰ ਰਹਿੰਦੇ ਹਨ | ਉਨ੍ਹਾਂ ਗੁਰਦੁਆਰਾ ਕਮੇਟੀ ਦਾ ਧੰਨਵਾਦ ਵੀ ਕੀਤਾ | ਮੈਰਿਸਵਿਲ ਦੇ ਮੇਅਰ ਮਿਸਟਰ ਜੋਨ ਨਿਰਿੰਗ ਨੇ ਖ਼ਾਸ ਤੌਰ ‘ਤੇ ਬਲਵੀਰ ਸਿੰਘ ਉਸਮਾਨਪੁਰ ਤੇ ਬਾਕੀ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਹਮੇਸ਼ਾ ਸ਼ਹਿਰ ਨੂੰ ਸ਼ਹਿਯੋਗ ਦਿੰਦੇ ਹਨ | ਮੈਰਿਸਵਿਲ ਦੇ ਫਾਇਰ ਵਿਭਾਗ ਦੇ ਚੀਫ਼ ਮਾਰਟੀਨ ਮੈੱਕਫਾਲਜ਼ ਨੇ ਵੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ |