ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ ਹੈ| ਸਰਕਾਰ ਨੇ ਦਿੱਲੀ ਪੁਲੀਸ ਦੀ 9 ਖੇਡ ਮੈਦਾਨਾਂ ਨੂੰ ਅਸਥਾਈ ਜੇਲ੍ਹ ਬਣਾਉਣ ਦੀ ਮੰਗ ਠੁਕਰਾ ਦਿੱਤੀ ਹੈ| ਦਿੱਲੀ ਪੁਲੀਸ ਨੇ ਕਿਸਾਨਾਂ ਦੀ ਗ੍ਰਿਫਤਾਰੀ ਲਈ ਸਟੇਡੀਅਮ ਨੂੰ ਜੇਲ੍ਹ ਬਣਾਉਣ ਦੀ ਮੰਗ ਕੀਤੀ ਸੀ| ਆਮ ਆਦਮੀ ਪਾਰਟੀ ‘ਆਪ’ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ| ਇਸ ਟਵੀਟ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਦੇਖਦੇ ਹੋਏ ਖੇਡ ਮੈਦਾਨਾਂ ਨੂੰ ਜੇਲ ਬਣਾਉਣ ਦੀ ਅਰਜ਼ੀ ਨਾਮਜ਼ੂਰ ਕਰ ਦਿੱਤੀ ਹੈ| ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ|ਜਿਕਰਯੋਗ ਹੈ ਕਿ ਦਿੱਲੀ ਪੁਲੀਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਤੋਂ 9 ਖੇਡ ਮੈਦਾਨਾਂ ਨੂੰ ਅਸਥਾਈ ਜੇਲ੍ਹ ਬਣਾਉਣ ਦੀ ਮੰਨਜ਼ੂਰੀ ਮੰਗੀ ਸੀ| ਇਹ ਮਨਜ਼ੂਰੀ ਇਸ ਲਈ ਮੰਗੀ ਗਈ, ਕਿਉਂਕਿ ਕੋਰੋਨਾ ਦਾ ਸਮਾਂ ਹੈ| ਜਦੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਉਨ੍ਹਾਂ ਨੂੰ ਇਕ ਥਾਂ ਨਹੀਂ ਰੱਖਿਆ ਜਾ ਸਕਦਾ| ਅਜਿਹੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਸਟੇਡੀਅਮ ਨੂੰ ਅਸਥਾਈ ਜੇਲ੍ਹਾਂ ਬਣਾਇਆ ਜਾਵੇਗਾ| ਉੱਥੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਸਰਹੱਦ ਤੇ ਪਹੁੰਚ ਚੁੱਕੇ ਹਨ| ਉੱਥੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਝੜਪ ਦੇਖਣ ਨੂੰ ਮਿਲ ਰਹੀ ਹੈ| ਪੁਲੀਸ ਵਲੋਂ ਕਿਸਾਨਾਂ ਤੇ ਲਾਠੀਚਾਰਜ ਅਤੇ ਪਾਣੀ ਦੀਆਂ ਤੋਪਾਂ ਚਲਾਈਆਂ ਜਾ ਰਹੀਆਂ ਹਨ| ਇਸ ਦੇ ਨਾਲ ਹੀ ਹੰਝੂ ਗੈਸ ਦੇ ਗੋਲੇ ਵੀ ਦਾਗੇ ਜਾ ਰਹੇ ਹਨ|