ਐਸ ਏ ਐਸ ਨਗਰ, 25 ਅਗਸਤ- ਭਾਰਤੀ ਜਨਤਾ ਪਾਰਟੀ ਦੀ ਆਗੂ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਸੂਬੇ ਵਿੱਚ ਮੁੜ ਸੱਤਾ ਹਾਸਿਲ ਕਰਨ ਲਈ ਜਨਤਾ ਨੂੰ ਮੂਰਖ ਬਣਾ ਰਹੀ ਹੈ। ਇੱਥੇ ਜਾਰੀ ਇਕ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਹਾਲਾਤ ਅਫਗਾਨਿਸਤਾਨ ਵਰਗੇ ਹੋ ਗਏ ਹਨ ਅਤੇ ਪੰਜਾਬ ਕਾਂਗਰਸ ਵਿੱਚ ਨਵੇਂ ਬਣੇ ਕਾਂਗਰਸੀ ਕੁਰਸੀ ਦੀ ਲਾਲਸਾ ਤਹਿਤ ਆਪ ਮੁਹਾਰੀਆਂ ਤਕਰੀਰਾਂ ਦੇ ਰਹੇ ਹਨ ।
ਖੇਤੀ ਬਿੱਲਾਂ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਹਿਲਾਂ ਸਾਰੀਆਂ ਧਿਰਾਂ ਖੇਤੀ ਬਿਲਾਂ ਸਬੰਧੀ ਰਾਜ਼ੀ ਸਨ ਅਤੇ ਇਹਨਾਂ ਧਿਰਾਂ ਦੇ ਆਗੂਆਂ ਨੇ ਖੇਤੀ ਬਿਲਾਂ ਦੇ ਪੱਖ ਵਿਚ ਜਨਤਕ ਤੌਰ ਤੇ ਬਿਆਨ ਵੀ ਦਿਤੇ ਪਰ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਚੰਗਾ ਇਕੱਠ ਹੁੰਦਾ ਵੇਖ ਕੇ ਸਭ ਸਿਆਸੀ ਪਾਰਟੀਆਂ ਮਗਰਮੱਛੀ ਹੰਝੂ ਵਹਾਉਣ ਲੱਗ ਪਈਆਂ ਹਨ।
ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਦਿਸ਼ਾਹੀਨ ਪਾਰਟੀਆਂ ਦੇ ਝਾਂਸੇ ਵਿੱਚ ਆ ਕੇ ਆਪਣਾ ਨੁਕਸਾਨ ਨਹੀਂ ਕਰਵਾਉਣਾ ਚਾਹੀਦਾ।