ਜਗਰਾਉਂ, 30 ਜੂਨ 2023 -ਅਮਰਨਾਥ ਯਾਤਰੀਆਂ ਦੀ ਸੇਵਾ ਲਈ ਗੌਰੀ ਸ਼ੰਕਰ ਸੇਵਾ ਮੰਡਲ ਲੰਗਰ ਕਮੇਟੀ ਰਜਿਸਟਰਡ ਜਗਰਾਉਂ ਜਿਲਾ ਲੁਧਿਆਣਾ ਦੀ ਤਰਫੋਂ 14ਵਾਂ ਭੰਡਾਰਾ ਲਗਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਲੰਗਰ ਕਮੇਟੀ ਦੇ ਪ੍ਰਧਾਨ ਵਿਵੇਕ ਗੋਇਲ ਅਤੇ ਸਕੱਤਰ ਸੁਮਿਤ ਸ਼ਾਸਤਰੀ ਨੇ ਦੱਸਿਆ ਕਿ ਜਗਰਾਉਂ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ 14 ਸਾਲਾਂ ਤੋਂ ਅਮਰਨਾਥ ਦੀ ਪਵਿੱਤਰ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਹਰ ਸਾਲ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ।ਪਹਿਲਾਂ ਇਹ ਭੰਡਾਰਾ ਊਧਮਪੁਰ ਜ਼ਿਲੇ ‘ਚ ਕਰਵਾਇਆ ਜਾਂਦਾ ਸੀ।
ਪਰ ਇਸ ਵਾਰ ਚੰਦਰਪੁਰ ਜ਼ਿਲਾ ਰਾਮਬਾਗ ਕਸ਼ਮੀਰ ‘ਚ ਆਯੋਜਿਤ ਕੀਤਾ ਗਿਆ ਹੈ।ਵਿਵੇਕ ਨੇ ਅੱਗੇ ਦੱਸਿਆ ਕਿ ਭੰਡਾਰੇ ਦੀ ਸ਼ੁਰੂਆਤ ਅੱਜ ਸਵੇਰੇ ਪੂਰਨ ਪੂਜਾ ਨਾਲ ਕੀਤੀ ਗਈ।ਯਾਤਰੀਆਂ ਦਾ ਪਹਿਲਾ ਜੱਥਾ ਅੱਜ ਭੰਡਾਰੇ ‘ਚ ਪਹੁੰਚਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਅਮਰਨਾਥ ਸ਼੍ਰਾਈਨ ਬੋਰਡ ਵੱਲੋਂ ਭੰਡਾਰੇ ਦਾ ਆਯੋਜਨ ਕਰਨ ਵਾਲੇ ਸਮੂਹ ਸੇਵਾਦਾਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਫਾਸਟ ਫੂਡ ਆਦਿ ਖਾਣ ਨਾਲ ਸ਼ਰਧਾਲੂਆਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਦੀ ਯਾਤਰਾ ‘ਚ ਵਿਘਨ ਪੈਂਦਾ ਹੈ । ਸ਼ਰਾਈਨ ਬੋਰਡ ਦਾ ਗੌਰੀ ਸ਼ੰਕਰ ਸੇਵਾ ਮੰਡਲ ਇਸ ਵਾਰ ਪੂਰੀ ਤਰ੍ਹਾਂ ਸਾਤਵਿਕ ਭੋਜਨ ਦਾ ਪ੍ਰਬੰਧ ਕਰ ਰਿਹਾ ਹੈ।
ਉਥੇ ਹੀ ਸੁਮਿਤ ਸ਼ਾਸਤਰੀ ਨੇ ਕਿਹਾ ਕਿ ਇਸ ਭੰਡਾਰੇ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸਿਵਲ ਪ੍ਰਸ਼ਾਸਨ ਅਤੇ ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ ਹੈ।ਸਾਡੇ ਫੌਜੀ ਭਰਾ ਹਰ ਪਹਿਲੂ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ ਤਾਂ ਜੋ ਸ਼ਰਾਰਤੀ ਅਨਸਰ ਕੋਈ ਗਲਤ ਹਰਕਤ ਨਾ ਕਰ ਸਕਣ। ਇਸ ਵਾਰ ਕਰੀਬ 60 ਦਿਨ ਗੌਰੀਸ਼ੰਕਰ ਸੇਵਾ ਮੰਡਲ ਵੱਲੋਂ ਇਸ ਭੰਡਾਰੇ ਨੂੰ ਚਲਾਇਆ ਜਾਵੇਗਾ।
ਸ਼ਰਧਾਲੂਆਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਪ੍ਰੈੱਸ ਸਕੱਤਰ ਦੀਪਕ ਜੈਨ, ਸੰਜੀਵ ਮਲਹੋਤਰਾ, ਲਾਲਾਰਾਮ ਅਤੇ ਲੰਗਰ ਕਮੇਟੀ ਦੇ ਹੋਰ ਕਈ ਮੈਂਬਰ ਹਾਜ਼ਰ ਸਨ।