ਚੰਡੀਗੜ, 25 ਅਗਸਤ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੁੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਯੂ.ਕੇ. ਤੋਂ ਮਹਾਨ ਸ਼ਹੀਦ ਊਧਮ ਸਿੰਘ ਦੀਆਂ ਨਿੱਜੀ ਚੀਜ਼ਾਂ ਜਿਨਾਂ ਵਿੱਚ ਉਨਾਂ ਦੀ ਪਿਸਤੌਲ ਅਤੇ ਨਿੱਜੀ ਡਾਇਰੀ ਸ਼ਾਮਲ ਹੈ, ਵਾਪਸ ਲਿਆਉਣ ਲਈ ਯੂ.ਕੇ. ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ। ਕੇਂਦਰੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੇ ਉਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਹ ਮੁੱਦਾ ਯੂ.ਕੇ. ਦੀ ਸਰਕਾਰ ਕੋਲ ਚੁੱਕਿਆ ਜਾਵੇ ਤਾਂ ਜੋ ਆਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਿਹਾ ਭਾਰਤ ਇਸ ਸ਼ਹੀਦ ਅਤੇ ਮਹਾਨ ਦੇਸ਼ ਭਗਤ ਨੂੰ ਆਪਣੀ ਸ਼ਰਧਾਂਜਲੀ ਦੇ ਸਕੇ।
ਮੁੱਖ ਮੰਤਰੀ ਨੇ ਲਿਖਿਆ ਹੈ ਕਿ ਇਸੇ ਪਿਸਤੌਲ ਨਾਲ ਸ਼ਹੀਦ ਊਧਮ ਸਿੰਘ ਨੇ ਬ੍ਰਿਟਿਸ਼ ਹਕੂਮਤ ਦੁਆਰਾ ਜਲਿਆਂਵਾਲਾ ਬਾਗ ਵਿਖੇ, ਸੈਂਕੜਿਆਂ ਨਿਹੱਥੇ ਅਤੇ ਮਾਸੂਮ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨੇ ਜਾਣ ਦੀ ਘਿਨਾਉਣੀ ਕਾਰਵਾਈ ਦਾ ਬਦਲਾ ਲਿਆ ਸੀ।
ਮੁੱਖ ਮੰਤਰੀ ਨੇ ਲਿਖਿਆ ਹੈ ਕਿ ਇਹ ਵੀ ਪਤਾ ਲੱਗਾ ਹੈ ਕਿ ਸ਼ਹੀਦ ਊਧਮ ਸਿੰਘ ਇੱਕ ਨਿੱਜੀ ਡਾਇਰੀ ਵੀ ਰੱਖਦੇ ਸਨ ਜਿਸ ਨੂੰ ਕਿ ਭਾਰਤ ਵਾਪਸ ਲਿਆਂਦਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਦੇਸ਼ ਦੇ ਲੋਕ ਇਸ ਤੋਂ ਪ੍ਰੇਰਣਾ ਲੈ ਸਕਣ