ਸੈਨ ਫਰਾਂਸਿਸਕੋ, 29 ਜੂਨ, 2020 : ਅਮਰੀਕਾ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਵੰਦੇ ਭਾਰਤ ਮਿਸ਼ਨ ਤਹਿਤ ਫਲਾਈਟਸ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਲੰਘੇ ਦਿਨਾਂ ਵਿਚ ਅਮਰੀਕਾ ਨੇ ਇਹਨਾਂ ‘ਤੇ ਪਾਬੰਦੀ ਲਗਾ ਦਿੱਤੀ ਸੀ ਪਰ ਅੱਜ 222 ਭਾਰਤੀਆਂ ਨੂੰ ਲੈ ਕੇ ਇਥੇ ਇਕ ਵਿਸ਼ੇਸ਼ ਫਲਾਈਟ ਦਿੱਲੀ ਤੇ ਬੰਗਲੌਰ ਲਈ ਰਵਾਨਾ ਹੋਈ।
ਭਾਰਤੀ ਸਫਾਰਤਖਾਨੇ ਨੇ ਟਵੀਟ ਕੀਤਾ ਕਿ ਫਲਾਈਟ ਏ ਆਈ 174, 11.05 ਵਜੇ ਸੈਨ ਫਰਾਂਸਿਸਕੋ ਤੋਂ ਰਵਾਨਾ ਹੋਈ ਹੈ ਤੇ ਇਸ ਵਿਚ 222 ਭਾਰਤੀ ਸਵਾਰ ਹਨ। ਅਸੀਂ ਉਹਨਾਂ ਦੇ ਸੁਰੱਖਿਅਤ ਸਫਰ ਦੀ ਕਾਮਨਾ ਕਰਦੇ ਹਾਂ। ਵੰਦੇ ਭਾਰਤ ਮਿਸ਼ਨ ਜੋ 7 ਮਈ ਨੂੰ ਸ਼ੁਰੂ ਹੋਇਆ ਸੀ, ਇਸ ਵੇਲੇ ਤੀਜੇ ਪੜਾਅ ਵਿਚ ਹੈ ਤੇ ਇਹ ਪੜਾਅ 11 ਜੂਨ ਨੂੰ ਸ਼ੁਰੂ ਹੋਇਆ ਸੀ। ਇਸ ਮਿਸ਼ਨ ਤਹਿਤ 50 ਮੁਲਕਾਂ ਵਿਚ 875 ਫਲਾਈਟਸ ਰਾਹੀਂ ਭਾਰਤੀਆਂ ਨੂੰ ਕੱਢੇ ਜਾਣ ਦੀ ਤਜਵੀਜ਼ ਸੀ ਤੇ ਹੁਣ ਤੱਕ 3,64,209 ਭਾਰਤੀ ਪਰਤ ਚੁਕੇ ਹਨ। ਹੁਣ ਤੱਕ 700 ਤੋਂ ਵਧੇਰੇ ਫਲਾਈਟਸ ਭਾਰਤ ਪਰਤੀਆਂ ਹਨ।