ਨਵੀਂ ਦਿੱਲੀ, 6 ਜੂਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਸਰਕਾਰ ਕੋਰੋਨਾ ਵਾਇਰਸ ਦੀ ਆਫ਼ਤ ਸਮੇਂ ਲੋਕਾਂ ਅਤੇ ਮਾਈਕ੍ਰੋ, ਲਘੁ ਅਤੇ ਮੱਧਮ ਉਦਯੋਗ (ਐਮ.ਐਸ.ਐਮ.ਈ.) ਖੇਤਰ ਦੀਆਂ ਇਕਾਈਆਂ ਨੂੰ ਨਕਦ ਸਹਿਯੋਗ ਨਾ ਦੇ ਕੇ ਅਰਥ ਵਿਵਸਥਾ ਨੂੰ ਬਰਬਾਦ ਕਰ ਰਹੀ ਹੈ| ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਦਾ ਇਹ ਰੁਖ ‘ਨੋਟਬੰਦੀ 2’ ਹੈ|
ਉਨ੍ਹਾਂ ਨੇ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ,”ਸਰਕਾਰ ਲੋਕਾਂ ਅਤੇ ਐਮ.ਐਸ.ਐਮ.ਈ. ਨੂੰ ਨਕਦ ਸਹਿਯੋਗ ਦੇਣ ਤੋਂ ਇਨਕਾਰ ਕਰ ਕੇ ਸਾਡੀ ਅਰਥ ਵਿਵਸਥਾ ਨੂੰ ਸਰਗਰਮੀ ਨਾਲ ਨਸ਼ਟ ਕਰ ਰਹੀ ਹੈ| ਇਹ ਨੋਟਬੰਦੀ 2 ਹੈ|” ਜਿਕਰਯੋਗ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਿਛਲੇ ਕਈ ਹਫ਼ਤਿਆਂ ਤੋਂ ਸਰਕਾਰ ਤੋਂ ਇਹ ਮੰਗ ਕਰ ਰਹੇ ਹਨ ਕਿ ਗਰੀਬਾਂ, ਮਜ਼ਦੂਰਾਂ ਅਤੇ ਐਮ.ਐਸ.ਐਮ.ਈ. ਦੀ ਵਿੱਤੀ ਮਦਦ ਕੀਤੀ ਜਾਵੇ| ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਖਾਤਿਆਂ ਵਿੱਚ ਅਗਲੇ 6 ਮਹੀਨਿਆਂ ਲਈ 7500 ਰੁਪਏ ਹਰ ਮਹੀਨੇ ਭੇਜੇ ਜਾਣ ਅਤੇ ਤੁਰੰਤ 10 ਹਜ਼ਾਰ ਰੁਪਏ ਦਿੱਤੇ ਜਾਣ|