ਨਵੀਂ ਦਿੱਲੀ, 6 ਜੂਨ ਦਿੱਲੀ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਇੱਥੋਂ ਦੇ ਨਿੱਜੀ ਹਸਪਤਾਲਾਂ ਵਿੱਚ 20 ਫੀਸਦੀ ਬੈਡ ਕੋਰੋਨਾ ਮਰੀਜ਼ਾਂ ਲਈ ਰਾਖਵੇਂ ਰੱਖਣ ਦੇ ਨਿਰਦੇਸ਼ ਦਿੱਤੇ ਹਨ| ਹਾਲਾਂਕਿ ਇਸ ਵਿੱਚ ਕੁਝ ਹਸਪਤਾਲ ਮਨਮਾਨੀ ਕਰ ਰਹੇ ਹਨ, ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਿਤਾਵਨੀ ਦਿੱਤੀ ਹੈ|
ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਕੁਝ ਹਸਪਤਾਲ ਬੈਡ ਦੀ ਬਲੈਕ ਮਾਰਕੀਟਿੰਗ (ਕਾਲਾਬਾਜ਼ਾਰੀ) ਕਰ ਰਹੇ ਹਨ| ਮੈਂ ਉਨ੍ਹਾਂ ਨੂੰ ਚਿਤਾਵਨੀ ਦੇਣਾ ਚਾਹੁੰਦਾ ਹੈ, ਅਜਿਹੇ ਹਸਪਤਾਲ ਨੂੰ ਬਖਸ਼ਿਆ ਨਹੀਂ ਜਾਵੇਗਾ| ਹਸਪਤਾਲ ਇਲਾਜ ਕਰਵਾਉਣ ਲਈ ਬਣਾਏ ਹਨ ਪੈਸੇ ਕਮਾਉਣ ਲਈ ਨਹੀਂ| ਕੇਜਰੀਵਾਲ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਦੇ ਮਰੀਜ਼ਾਂ ਨੂੰ ਭਰਤੀ ਕਰਨਾ ਪਵੇਗਾ| ਜੇਕਰ ਨਹੀਂ ਕਰਨਗੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ| ਉਨ੍ਹਾਂ ਕਿਹਾ ਕਿ ਅੱਜ ਹੁਕਮ ਜਾਰੀ ਕਰ ਰਹੇ ਹਨ ਕਿ ਕੋਈ ਵੀ ਹਸਪਤਾਲ ਕੋਰੋਨਾ ਦੇ ਸ਼ੱਕੀਆਂ ਦੀ ਜਾਂਚ ਕਰਨ ਤੋਂ ਮਨ੍ਹਾ ਨਹੀਂ ਕਰੇਗਾ| ਜਾਂਚ ਤੋਂ ਬਾਅਦ ਜੇਕਰ ਮਰੀਜ਼ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਫਿਰ ਨਿਯਮ ਅਨੁਸਾਰ ਉਸ ਦਾ ਇਲਾਜ ਕੀਤਾ ਜਾਵੇਗਾ|