ਕੈਲੀਫੋਰਨੀਆ – ਅਮਰੀਕਾ ਦੇ ਕੁੱਝ ਰਾਜਾਂ ਵਿੱਚ ਪੈ ਰਹੀ ਬਰਫਬਾਰੀ ਰੋਜ਼ਾਨਾ ਜਿੰਦਗੀ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰ ਰਹੀ ਹੈ। ਬਰਫਬਾਰੀ ਦਾ ਜ਼ਿਆਦਾ ਸਾਹਮਣਾ ਡਰਾਈਵਰਾਂ ਦੁਆਰਾ ਕੀਤਾ ਜਾਂਦਾ ਹੈ। ਇਸ ਹਫਤੇ ਹੋਈ ਬਰਫਬਾਰੀ ਕਾਰਨ ਆਈਓਵਾ ‘ਚ ਇੱਕ ਸੜਕ ਹਾਦਸੇ ਵਿੱਚ ਲੱਗਭਗ 40 ਵਾਹਨਾਂ ਦੇ ਟਕਰਾਉਣ ਦੀ ਘਟਨਾ ਵਾਪਰੀ ਹੈ। ਇਹ ਹਾਦਸਾ ਕੇਂਦਰੀ ਆਈਓਵਾ ਵਿੱਚ ਵੀਰਵਾਰ ਦੁਪਹਿਰ ਨੂੰ ਇੰਟਰਸਟੇਟ 80 ਵਿਖੇ ਵਾਪਰਿਆ, ਜਿਸਦੇ ਬਾਅਦ ਇਸ ਰਾਸਤੇ ਨੂੰ ਬੰਦ ਕਰ ਦਿੱਤਾ ਗਿਆ।ਇਸ ਹਾਦਸੇ ਦੇ ਸੰਬੰਧ ਵਿੱਚ ਆਇਓਵਾ ਸਟੇਟ ਪੈਟਰੋਲ ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਕਈ ਵਾਹਨਾਂ ਦੀ ਟੱਕਰ ਨਾਲ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ, ਪਰ ਹਾਦਸੇ ਵਿੱਚ ਕੋਈ ਮੌਤ ਨਹੀਂ ਹੋਈ ਹੈ।ਇਸਦੇ ਇਲਾਵਾ ਆਇਓਵਾ ਟਰਾਂਸਪੋਰਟੇਸ਼ਨ ਵਿਭਾਗ ਅਨੁਸਾਰ ਇਸ ਹਾਦਸੇ ਦੇ ਬਾਅਦ ਉੱਥੇ ਮੌਜੂਦ ਸੈਨਾ ਦੇ ਦੋ ਜਵਾਨਾਂ ਨੇ ਜਖਮੀਆਂ ਦੀ ਸਹਾਇਤਾ ਕੀਤੀ। ਇਸ ਹਾਦਸੇ ਵਿੱਚ ਹਾਈਵੇ ਉੱਪਰ ਕਈ ਟਰੇਲਰ ਅਤੇ ਟਰੱਕਾਂ ਸਮੇਤ ਕਈ ਵਾਹਨ ਸੜਕ ਤੋਂ ਹੇਠਾਂ ਉੱਤਰ ਗਏ ਸਨ। ਆਇਓਵਾ ਵਿੱਚ ਭਾਰੀ ਬਰਫਬਾਰੀ ਕਾਰਨ ਅਧਿਕਾਰੀਆਂ ਦੁਆਰਾ ਡਰਾਈਵਰਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੇ ਨਾਲ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ ਗਈ।