ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਪੁਰਸ਼ ਹਾਕੀ ਟੀਮ ਨੂੰ ਟੋਕੀਓ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਵਧਾਈ ਦਿੱਤੀ ਹੈ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, “ਟੋਕੀਓ ਓਲੰਪਿਕ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਗਟਾਵਾ ਕਰਦਿਆਂ ਗਰੇਟ ਬ੍ਰਿਟੇਨ ਖਿਲਾਫ 3-1 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਅਤੇ 41 ਵਰ੍ਹਿਆਂ ਬਾਅਦ ਓਲੰਪਿਕ ਦੀਆਂ ਸਿਖਰਲੀਆਂ ਚਾਰ ਟੀਮਾਂ ਵਿਚ ਥਾਂ ਬਣਾਈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਤਿੰਨ ਖਿਡਾਰੀਆਂ ਦਿਲਪ੍ਰੀਤ ਸਿੰਘ, ਗੁਰਜੰਟ ਅਤੇ ਹਾਰਦਿਕ ਸਿੰਘ ਵੱਲੋਂ ਵਿਰੋਧੀ ਟੀਮ ਖਿਲਾਫ਼ ਤਿੰਨ ਗੋਲ ਦਾਗੇ ਗਏ। ਤਹਾਨੂੰ ਮੁਬਾਰਕ ਅਤੇ ਹੁਣ ਸੋਨ ਤਮਗੇ ਲਈ ਅੱਗੇ ਵਧੇ।”ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਆਖਰੀ ਵਾਰ ਸਾਲ 1980 ਦੀਆਂ ਮਾਸਕੋ ਓਲਿੰਪਕ ਖੇਡਾਂ ਵਿਚ ਸਿਖਰਲੀਆਂ ਚਾਰਾਂ ਟੀਮਾਂ ਵਿਚ ਪਹੁੰਚੀ ਸੀ ਜਿੱਥੇ ਆਖਰ ਵਿਚ ਉਸ ਨੇ ਵੱਕਾਰੀ ਸੋਨ ਤਮਗਾ ਹਾਸਲ ਕੀਤਾ ਸੀ।