ਕੈਲੀਫੋਰਨੀਆ – ਕੈਲੀਫੋਰਨੀਆ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੁਰੱਖਿਆ ਕਾਰਨਾਂ ਕਰਕੇ ਰਾਜ ਸਰਕਾਰ ਦੁਆਰਾ ਧਾਰਮਿਕ ਸਥਾਨਾਂ ,ਪੂਜਾ ਘਰਾਂ ਜਿਵੇਂ ਕਿ ਚਰਚਾਂ ਆਦਿ ਵਿੱਚ ਇਨਡੋਰ ਸੇਵਾਵਾਂ ਸੰਬੰਧੀ ਸਖਤ ਨਿਯਮ ਲਾਗੂ ਕੀਤੇ ਗਏ ਸਨ। ਇਹਨਾਂ ਨਿਯਮਾਂ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇਰ ਰਾਤ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕੈਲੀਫੋਰਨੀਆ ਰਾਜ ਦੁਆਰਾ ਇਨਡੋਰ ਚਰਚ ਸੇਵਾਵਾਂ ‘ਤੇ ਲੱਗੀਆਂ ਕੁੱਝ ਪਾਬੰਦੀਆਂ ਨੂੰ ਰੋਕ ਦਿੱਤਾ ਹੈ।ਇਸ ਮਾਮਲੇ ਵਿੱਚ ਸੈਨ ਡਿਏਗੋ ਨੇੜੇ 600 ਸੀਟਾਂ ਵਾਲੀ ਸਾਊਥ ਬੇਅ ਯੂਨਾਈਟਿਡ ਪੇਂਟੇਕੋਸਟਲ ਚਰਚ ਅਤੇ 1,250 ਸੀਟਾਂ ਵਾਲੀ ਹਾਰਵੈਸਟ ਰਾਕ ਚਰਚ ਨੇ ਇੱਕ ਬੇਨਤੀ ਰਾਹੀ ਰਾਜ ਦੇ ਕੁੱਝ ਹਿੱਸਿਆਂ ਵਿੱਚ ਚਰਚਾਂ ਵਿਚਲੀਆਂ ਸਾਰੀਆਂ ਇਨਡੋਰ ਸੇਵਾਵਾਂ ‘ਤੇ ਪਾਬੰਦੀਆਂ ਲਾਗੂ ਕਰਦੇ ਨਿਯਮਾਂ ਉੱਪਰ ਰੋਕ ਲਗਾਉਣ ਲਈ ਕਿਹਾ ਸੀ।ਇਸ 6–3 ਦੀ ਬਹੁਗਿਣਤੀ ਦੇ ਫੈਸਲੇ ਨੇ ਰਾਜ ਨੂੰ ਕੋਰੋਨਾ ਵਾਇਰਸ ਦੇ ਫੈਲਣ ਨਾਲ ਸੰਬੰਧਿਤ ਅੰਦਰੂਨੀ ਸੇਵਾਵਾਂ ‘ਤੇ ਰੋਕ ਲਗਾਉਣ ਦੇ ਫੈਸਲੇ ਨੂੰ ਉਲਟਾਇਆ ਹੈ।ਪਰ ਇਸਦੇ ਨਾਲ ਹੀ ਅਦਾਲਤ ਨੇ ਅੰਦਰੂਨੀ ਸੇਵਾਵਾਂ ਵਿੱਚ ਇਮਾਰਤ ਦੇ ਅਕਾਰ ਦੇ ਅਧਾਰ’ ਤੇ ਲੋਕਾਂ ਨੂੰ ਖੜ੍ਹੇ ਹੋਣ ਦੀ ਆਗਿਆ ਦੇਣ ਦੇ ਨਾਲ ਰਾਜ ਨੂੰ ਭਜਨ ਆਦਿ ਗਾਉਣ ‘ਤੇ ਰੋਕ ਲਗਾਉਣ ਦੇ ਅਧਿਕਾਰ ਦਿੱਤੇ ਹਨ। ਕੈਲੀਫੋਰਨੀਆ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਖੇਤਰ ਵਿੱਚ ਪਾਬੰਦੀਆਂ ਲਗਾਉਣ ਲਈ ਚਾਰ ਪੱਧਰੀ ਟੀਅਰ ਪ੍ਰਣਾਲੀ ਦੀ ਵਰਤੋਂ ਕਰਦਾ ਹੈ ਅਤੇ ਸੰਯੁਕਤ ਰਾਜ ਦੀ ਨੌਵੀਂ ਸਰਕਟ ਅਪੀਲ ਦੀ ਅਦਾਲਤ ਨੇ ਇਸ ਮਹੀਨੇ ਰਾਜ ਦੇ ਸਭ ਤੋਂ ਉੱਚ ਪੱਧਰੀ ਜੋਖਮ ਵਾਲੀਆਂ ਕਾਉਂਟੀਆਂ ਵਿੱਚ ਇਨਡੋਰ ਸੇਵਾਵਾਂ ਵਾਲੇ ਪੂਜਾ ਘਰਾਂ ‘ਤੇ ਮਨਾਹੀ ਨੂੰ ਕਾਇਮ ਰੱਖਿਆ ਹੈ।